ਵੈਟਰਨਰੀ ਵਿਦਿਆਰਥੀਆਂ ਵੱਲੋਂ ਹੜਤਾਲ ਖਤਮ
ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਸਟੂਡੈਂਟਸ ਯੂਨੀਅਨ ਦੀ 34 ਦਿਨ ਚੱਲੀ ਹੜਤਾਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਅਧਿਕਾਰਿਤ ਮੀਟਿੰਗ ਅਤੇ ਉਨ੍ਹਾਂ ਵੱਲੋਂ ਦਿੱਤੇ ਭਰੋਸੇ ਮਗਰੋਂ ਬੀਤੇ ਦਿਨ ਸਮਾਪਤ ਹੋ ਗਈ।
ਮੰਤਰੀ ਨੂੰ ਮਿਲੇ ਵਫ਼ਦ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੰਤਰੀ ਨੇ ਵੈਟਰਨਰੀ ਇੰਟਰਨ ਡਾਕਟਰਾਂ ਦਾ ਇੰਟਰਨਸ਼ਿਪ ਭੱਤਾ 15,000 ਤੋਂ ਵਧਾ ਕੇ 22,000 ਪ੍ਰਤੀ ਮਹੀਨਾ ਕਰਨ, ਜੋ ਕਿ ਪੰਜਾਬ ਦੇ ਬੀ ਡੀ ਐੱਸ ਅਤੇ ਐੱਮ ਬੀ ਬੀ ਐੱਸ ਇੰਟਰਨਜ਼ ਦੇ ਸਾਮਾਨ ਹੋਵੇਗਾ, ਦਾ ਭਰੋਸਾ ਦਿੱਤਾ। ਉਨ੍ਹਾਂ ਯਕੀਨ ਦਿਵਾਇਆ ਕਿ ਇਸ ਵਾਧੇ ਦਾ ਅਧਿਕਾਰਤ ਆਡਰ 12 ਨਵੰਬਰ ਤੋਂ ਪਹਿਲਾਂ ਜਾਰੀ ਕਰ ਦਿੱਤਾ ਜਾਵੇਗਾ। ਇਸ ਮੀਟਿੰਗ ਵਿੱਚ ਸੀਨੀਅਰ ਸਰਕਾਰੀ ਅਧਿਕਾਰੀਆਂ ਰਾਹੁਲ ਭੰਡਾਰੀ (ਮੁੱਖ ਸਕੱਤਰ, ਪਸ਼ੂ ਪਾਲਣ ਵਿਭਾਗ), ਸਰਵਜੀਤ ਸਿੰਘ (ਵਿਸ਼ੇਸ਼ ਮੁੱਖ ਸਕੱਤਰ, ਖੇਡ ਤੇ ਯੂਥ ਵੈੱਲਫੇਅਰ ਵਿਭਾਗ), ਸ਼ੌਕਤ ਅਹਿਮਦ (ਵਿਸ਼ੇਸ਼ ਸਕੱਤਰ, ਵਿੱਤ), ਡਾ. ਪਰਮਦੀਪ ਸਿੰਘ ਵਾਲੀਆ (ਡਾਇਰੈਕਟਰ, ਪਸ਼ੂ ਪਾਲਣ ਵਿਭਾਗ) ਅਤੇ ਡਾ. ਜਤਿੰਦਰਪਾਲ ਸਿੰਘ ਗਿੱਲ (ਵਾਈਸ ਚਾਂਸਲਰ, ਗਡਵਾਸੂ) ਮੌਜੂਦ ਸਨ। ਵਿਦਿਆਰਥੀਆਂ ਵੱਲੋਂ ਡਾ. ਅਵਨੀਤ ਜੱਸਲ, ਡਾ. ਕਮਲਪ੍ਰੀਤ ਸਿੰਘ, ਡਾ. ਸੁਨੀਲ ਮੋਮੀ ਅਤੇ ਡਾ. ਮੁਸਕਾਨ ਠਾਕੁਰ ਨੇ ਪ੍ਰਤੀਨਿਧਤਾ ਕੀਤੀ ਅਤੇ ਦੱਸਿਆ ਕਿ ਵਿੱਤ ਮੰਤਰੀ ਅਤੇ ਹੋਰ ਅਧਿਕਾਰੀਆਂ ਵੱਲੋਂ ਦਿੱਤੇ ਭਰੋਸੇ ਮਗਰੋਂ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ ਗਿਆ। ਕਾਲਜ ਆਫ ਵੈਟਰਨਰੀ ਸਾਇੰਸ ਲੁਧਿਆਣਾ ਦੇ ਡੀਨ ਡਾ. ਐੱਸ ਐੱਸ ਰੰਧਾਵਾ, ਡਾਇਰੈਕਟਰ, ਸਟੂਡੈਂਟਸ ਵੈਲਫੇਅਰ ਡਾ. ਸਰਵਪ੍ਰੀਤ ਸਿੰਘ ਘੁੰਮਣ ਤੇ ਐਡਵੋਕੇਟ ਪਰਮਵੀਰ ਨੇ ਭਰੋਸਾ ਦਿਵਾਇਆ ਕਿ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।
