ਵੈਟਰਨਰੀ ਵਿਦਿਆਰਥੀਆਂ ਵੱਲੋਂ ਮੂੰਹ ’ਤੇ ਕਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ
ਇਥੋਂ ਦੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੀ ਵੈਟਰਨਰੀ ਵਿਦਿਆਰਥੀ ਯੂਨੀਅਨ ਵੱਲੋਂ ਸ਼ੁਰੂ ਕੀਤੀ ਅਣਮਿੱਥੇ ਸਮੇਂ ਦੀ ਹੜਤਾਲ ਬੁੱਧਵਾਰ ਨੂੰ ਸੱਤਵੇਂ ਦਿਨ ਵੀ ਜਾਰੀ ਰਹੀ। ਅੱਜ ਇੰਟਰਨ ਵੈਟਰਨਰੀ ਡਾਕਟਰਾਂ ਨੇ ਮੂੰਹ ਅਤੇ ਬਾਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਯੂਨੀਵਰਸਿਟੀ ਦੇ ਵੈਟਰਨਰੀ ਹਸਪਤਾਲ ਦੇ ਬਾਹਰ ਧਰਨਾ ਦਿੱਤਾ। ਇਨ੍ਹਾਂ ਵਿਦਿਆਰਥੀਆਂ ਨੇ ਇਹ ਸੰਕੇਤ ਦੇਣ ਲਈ ਆਪਣੇ ਮੂੰਹ ਕਾਲੇ ਕੱਪੜੇ ਬੰਨ੍ਹੇ ਹੋਏ ਸਨ ਕਿ ‘ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਨਹੀਂ ਸੁਣ ਰਹੀ।’
ਇਹਨਾਂ ਪ੍ਰਦਰਸ਼ਨਕਾਰੀ ਇੰਟਰਨਾਂ ਦਾ ਕਹਿਣਾ ਸੀ ਕਿ ਉਹ ਪਿਛਲੇ ਸੱਤ ਦਿਨਾਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਬੜੇ ਦੁੱਖ ਦੀ ਗੱਲ ਹੈ ਕਿ ਕਿਸੇ ਵੀ ਸਰਕਾਰੀ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਤੱਕ ਨਹੀਂ ਲਈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਹੜਤਾਲ ਜਾਰੀ ਰਹੇਗੀ। ਯੂਨੀਅਨ ਵੱਲੋਂ ਇੰਟਰਨਜ਼ ਦਾ ਮਾਸਿਕ ਭੱਤਾ 15000 ਰੁਪਏ ਤੋਂ ਵਧਾ ਕੇ 24 310 ਰੁਪਏ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇੰਨਾਂ ਦਾ ਕਹਿਣਾ ਹੈ ਕਿ ਸੂਬੇ ਦੇ ਹੋਰਨਾਂ ਰਾਜਾਂ ਵੱਲੋਂ ਇੰਨਰਨਜ਼ ਨੂੰ ਇਸ ਤੋਂ ਕਿਤੇ ਵੱਧ ਭੱਤਾ ਦਿੱਤਾ ਜਾ ਰਿਹਾ ਹੈ ਪਰ ਪੰਜਾਬ ਵਿੱਚ ਉਨ੍ਹਾਂ ਦੀ ਇਸ ਮੰਗ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਪਦਰਸ਼ਨ ਦੌਰਾਨ ਇਨ੍ਹਾਂ ਇੰਨਰਨਜ਼ ਵੱਲੋਂ ਆਪਣੇ ਹੱਥਾਂ ਵਿੱਚ ‘ਸਾਡੀ ਮਿਹਨਤ ਦਾ ਮੁੱਲ ਪਾਓ, ਸਾਡਾ ਭੱਤਾ ਵਧਾਓ’, ‘ਘੱਟ ਭੱਤਾ ਠੀਕ ਨਹੀਂ, ਹੱਕ ਮੰਗਦੇ ਹਾਂ, ਭੀਖ ਨਹੀਂ’, ‘ਗੱਲ ਸੁਣੋ ਸਰਕਾਰ, ਨਾ ਕਰੋ ਇਨਕਾਰ’, ‘ਸਾਡੀ ਚੁੱਪ, ਸਾਡਾ ਵਿਰੋਧ’ ਆਦਿ ਨਾਅਰੇ ਲਿਖੀਆਂ ਤਖਤੀਆਂ ਵੀ ਫੜੀਆਂ ਹੋਈਆਂ।
ਯੂਨੀਅਨ ਪ੍ਰਤੀਨਿਧੀਆਂ ਨੇ ਦੱਸਿਆ ਕਿ ਉਹ ਪਹਿਲਾਂ ਹੀ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਪ੍ਰਿੰਸੀਪਲ ਸੈਕਟਰੀ ਰਾਹੁਲ ਭੰਡਾਰੀ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕਈ ਵਾਰ ਮਿਲ ਚੁੱਕੇ ਹਨ, ਪਰ ਅਜੇ ਤੱਕ ਕੋਈ “ਠੋਸ ਜਾਂ ਸੰਤੋਸ਼ਜਨਕ ਹੱਲ”ਨਹੀਂ ਮਿਲਿਆ। ਯੂਨੀਅਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਤੁਰੰਤ ਮੀਟਿੰਗ ਕਰਵਾਈ ਜਾਵੇ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਰੋਸ ਅਗਲੇ ਦਿਨਾਂ ਵਿੱਚ ਹੋਰ ਤੇਜ਼ ਕੀਤਾ ਜਾਵੇਗਾ।