ਵੈਟਰਨਰੀ ਇੰਟਰਨਜ਼ ਤੇ ਸਟੂਡੈਂਟ ਐਸੋਸੀਏਸ਼ਨ ਮਨਾਉਣਗੇ ਕਾਲੀ ਦੀਵਾਲੀ
ਇਥੇ ਵੈਟਰਨਰੀ ਯੂਨੀਵਰਸਿਟੀ ਦੇ ਵੈਟਰਨਰੀ ਸਟੂਡੈਂਟਸ ਯੂਨੀਅਨ ਨੇ ਇਸ ਸਾਲ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ। ਧਰਨੇ ’ਤੇ ਬੈਠੇ ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਦਿਨਾਂ ਤੋਂ ਇੰਟਰਨਸ਼ਿਪ ਭੱਤਾ ਵਧਾਉਣ ਦੀ ਮੰਗ ਲਈ ਧਰਨਾ ਦੇ ਰਹੇ ਹਨ ਪਰ ਹਾਲੇ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਇਸ ਮੁੱਦੇ ਨੂੰ ਲੈ ਕੇ ਕਈ ਵਾਰ ’ਵਰਸਿਟੀ ਦੇ ਅਧਿਕਾਰੀਆਂ, ਸਰਕਾਰੀ ਨੁਮਾਇੰਦਿਆਂ ਨਾਲ ਮੀਟਿੰਗਾਂ ਵੀ ਹੋਈਆਂ ਪਰ ਹਰ ਵਾਰ ਲਾਰਿਆਂ ਤੋਂ ਸਿਵਾਏ ਕੁੱਝ ਨਹੀਂ ਮਿਲਿਆ। ਵਿਦਿਆਰਥੀ ਆਗੂਆਂ ਦਾ ਕਹਿਣਾ ਸੀ ਕਿ ਪਿਛਲੇ ਦਿਨਾਂ ਦੌਰਾਨ ਕਈ ਪੁਲੀਸ ਅਧਿਕਾਰੀ ਅਤੇ ’ਵਰਸਿਟੀ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ 25 ਅਕਤੂਬਰ ਤੋਂ ਪਹਿਲਾਂ ਵਿੱਤ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ ਪਰ ਹਾਲੇ ਤੱਕ ਇਸ ਬਾਰੇ ਕੋਈ ਅਧਿਕਾਰਕ ਪੁਸ਼ਟੀ ਜਾਂ ਅੱਪਡੇਟ ਨਹੀਂ ਦਿੱਤੀ ਗਈ। ਇਨ੍ਹਾਂ ਵਿਦਿਆਰਥੀਆਂ ਵੱਲੋਂ ਇੰਟਰਨਸ਼ਿਪ 15 ਹਜ਼ਾਰ ਤੋਂ ਵਧਾ ਕੇ 24,310 ਰੁਪਏ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਐਗਰੀਕਲਚਰ ਸਟੂਡੈਂਟ ਐਸੋਸੀਏਸ਼ਨ ਵੱਲੋਂ ਖੇਤੀਬਾੜੀ ਨਾਲ ਸਬੰਧਤ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਦੀ ਭਰਤੀ ਲਈ 25ਵੇਂ ਦਿਨ ਵੀ ਧਰਨਾ ਦਿੱਤਾ। ਇਸ ਦੌਰਾਨ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਹਾਲੇ ਤੱਕ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਾਰੇ ਪਾਸੇ ਦੀਵਾਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਦੀ ਇਹ ਦੀਵਾਲੀ ‘ਕਾਲੀ ਦੀਵਾਲੀ’ ਰਹੇਗੀ ਕਿਉਂਕਿ ਉਹ ਘਰ ਨਹੀਂ ਸਗੋਂ ਧਰਨੇ ’ਤੇ ਹੀ ਰਹਿਣਗੇ। ਇਨ੍ਹਾਂ ਵਿਦਿਆਰਥੀਆਂ ਵੱਲੋਂ ਖੇਤੀਬਾੜੀ ਮਾਸਟਰ ਰੱਖਣ, ਖੇਤੀਬਾੜੀ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਭਰਨ ਦੀ ਮੰਗ ਕੀਤੀ ਜਾ ਰਹੀ ਹੈ।