ਥਾਣਾ ਦਾਖਾ ਅੱਗੇ ਹਾਈਵੇਅ ਕੰਢੇ ਦੋਵੇਂ ਪਾਸੇ ਵਾਹਨਾਂ ਦਾ ਕਬਜ਼ਾ
ਇਥੇ ਮਾਡਲ ਥਾਣਾ ਦਾਖਾ ਦੇ ਬਾਹਰ ਬੇਤਰਤੀਬੇ ਖੜ੍ਹੇ ਕੰਡਮ ਤੇ ਹਾਦਸਾਗ੍ਰਸਤ ਵਾਹਨ ਕਿਸੇ ਸਮੇਂ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ। ਵੈਸੇ ਹੀ ਸੜਕਾਂ ’ਤੇ ਰੋਜ਼ਾਨਾ ਦੁਰਘਟਨਾਵਾਂ ਹੋ ਰਹੀਆਂ ਹਨ ਅਤੇ ਅਜਿਹੇ ਵਿੱਚ ਸੜਕ ਦੇ ਦੋਵੇਂ ਪਾਸੇ ਥਾਣੇ ਦੇ ਬਾਹਰ ਖੜ੍ਹੇ ਇਹ ਵਾਹਨ ਵੀ ਇਨ੍ਹਾਂ ਦੁਰਘਟਨਾਵਾਂ ਵਿੱਚ ਵਾਧੇ ਦਾ ਕਾਰਨ ਬਣਨਗੇ। ਇਲਾਕੇ ਦੇ ਕਈ ਥਾਣਿਆਂ ਵਿੱਚ ਦੇਖਣ ਨੂੰ ਮਿਲਿਆ ਕਿ ਅਜਿਹੇ ਹਾਦਸਾਗ੍ਰਸਤ ਵਾਹਨਾਂ ਨੂੰ ਸਾਂਭਣ ਲਈ ਥਾਂ ਦੀ ਭਾਰੀ ਕਿੱਲਤ ਹੈ। ਇਹੋ ਕਾਰਨ ਹੈ ਕਿ ਥਾਣਾ ਦਾਖਾ ਦੇ ਬਾਹਰ ਇਹ ਵਾਹਨ ਸੜਕ ਦੇ ਦੋਵੇਂ ਪਾਸੇ ਇਕ ਤਰ੍ਹਾਂ ਨਾਲ ਲਾਵਾਰਸ ਹਾਲਸ ਵਿੱਚ ਖੜ੍ਹੇ ਹਨ।
ਪੁਲੀਸ ਕਈ ਘਟਨਾਵਾਂ ਵਿੱਚ ਫੜੇ ਗਏ ਵਾਹਨ ਵੀ ਥਾਣਿਆਂ ਵਿੱਚ ਰੱਖਦੀ ਹੈ। ਇਸੇ ਤਰ੍ਹਾਂ ਸੜਕ ਹਾਦਸਿਆਂ ਵਾਲੇ ਵਾਹਨ ਵੀ ਥਾਣੇ ਭੇਜੇ ਜਾਂਦੇ ਹਨ। ਪਰ ਥਾਣਿਆਂ ਅੰਦਰ ਪਹਿਲਾਂ ਹੀ ਓਨੀ ਲੋੜ ਜਿੰਨੀ ਥਾਂ ਹੈ। ਅਦਾਲਤੀ ਪ੍ਰਕਿਰਿਆ ਲੰਮੀ ਚੱਲਣ ਕਰਕੇ ਇਨ੍ਹਾਂ ਵਾਹਨਾਂ ਨੂੰ ਸਾਂਭਣਾ ਪੁਲੀਸ ਲਈ ਵੀ ਔਖਾ ਕੰਮ ਹੈ। ਅਜਿਹੇ ਵਿੱਚ ਫੇਰ ਇਹ ਥਾਣਿਆਂ ਦੇ ਬਾਹਰ ਹੀ ਧੂੜ ਫੱਕਦੇ ਹਨ। ਇਥੇ ਕੌਮੀ ਸ਼ਾਹਰਾਹ 95 'ਤੇ ਸਥਿਤ ਥਾਣਾ ਦਾਖਾ ਅਤੇ ਡੀਐੱਸਪੀ ਦਾਖਾ ਦੇ ਦਫ਼ਤਰ ਬਾਹਰ ਵੀ ਹੋ ਰਿਹਾ ਹੈ। ਰੋਜ਼ਾਨਾ ਦਰਜਨਾਂ ਲੋਕ ਦੀਆਂ ਸ਼ਿਕਾਇਤਾਂ ਦੇਣ ਅਤੇ ਹੋਰ ਕੰਮਕਾਜ ਲਈ ਇਨ੍ਹਾਂ ਦਫ਼ਤਰਾਂ ਵਿੱਚ ਆਉਂਦੇ ਜਾਂਦੇ ਹਨ। ਇਸ ਤੋਂ ਇਲਾਵਾ ਸੜਕ ਤੋਂ ਵੀ ਸੈਂਕੜੇ ਦੀ ਗਿਣਤੀ ਵਿੱਚ ਬੱਸਾਂ, ਟਰੱਕ, ਕਾਰਾਂ ਸਣੇ ਵੱਖ-ਵੱਖ ਕਿਸਮ ਦੇ ਵਾਹਨ ਲੰਘਦੇ ਹਨ। ਇਸੇ ਰਸਤੇ ਤੋਂ ਮੰਤਰੀ, ਵਿਧਾਇਕ, ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਲੰਘਦੇ ਹਨ। ਸਵਖਤੇ ਸੈਰ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਇਥੋਂ ਲੰਘਣਾ ਉਨ੍ਹਾਂ ਦੀ ਮਜਬੂਰੀ ਹੈ ਅਤੇ ਰੋਜ਼ ਉਹ ਡਰ ਵਿੱਚ ਹੀ ਲੰਘਦੇ ਹਨ। ਟੌਲ ਵਸੂਲਣ ਵਾਲੀ ਕੰਪਨੀ ਦੇ ਜਿੰਮੇ ਸਰਵਿਸ ਲੇਨ ਦਾ ਵੀ ਜਿੰਮਾ ਹੈ ਪਰ ਉਨ੍ਹਾਂ ਦੇ ਅਧਿਕਾਰੀ ਵੀ ਏਧਰ ਧਿਆਨ ਨਹੀਂ ਦੇ ਰਹੇ। ਸਰਵਿਸ ਲੇਨ ਦੇ ਨਾਲ ਬਣੇ ਫੁੱਟਪਾਥ 'ਤੇ ਵੀ ਇਹੋ ਕੰਡਮ ਵਾਹਨ ਖੜ੍ਹਾ ਰੱਖੇ ਹਨ। ਦੂਜੇ ਸ਼ਬਦਾਂ ਵਿੱਚ ਇਨ੍ਹਾਂ ਲਾਵਾਰਸ ਹਾਲਤ ਵਿੱਚ ਖੜ੍ਹੇ ਵਾਹਨਾਂ ਦਾ ਹੀ ਸੜਕ ਦੇ ਦੋਵੇਂ ਪਾਸੇ ਅਤੇ ਫੁੱਟਪਾਥ ਉੱਪਰ 'ਕਬਜ਼ਾ' ਹੈ। ਇਸ ਸਬੰਧੀ ਜਦੋਂ ਡੀਐੱਸਪੀ ਦਾਖਾ ਵਰਿੰਦਰ ਸਿੰਘ ਖੋਸਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਲੋਕਾਂ ਨੂੰ ਇਸ ਕਰਕੇ ਆ ਰਹੀ ਮੁਸ਼ਕਿਲ ਨੂੰ ਦੇਖਦੇ ਹੋਏ ਫੁੱਟਪਾਥ ’ਤੇ ਖੜ੍ਹੇ ਅਜਿਹੇ ਹਾਦਸਾਗ੍ਰਸਤ ਵਾਹਨ ਜਲਦ ਉਥੋਂ ਹਟਵਾਏ ਜਾਣਗੇ।