ਤਿਉਹਾਰਾਂ ਦੇ ਸੀਜ਼ਨ ’ਚ ਅਸਮਾਨੀਂ ਚੜ੍ਹੇ ਸਬਜ਼ੀਆਂ ਦੇ ਭਾਅ
ਤਿਉਹਾਰਾਂ ਦੇ ਸੀਜ਼ਨ ਵਿੱਚ ਜਿੱਥੇ ਹੋਰ ਚੀਜ਼ਾਂ ਦੇ ਭਾਅ ਕਈ ਕਈ ਗੁਣਾ ਵਧ ਗਏ ਹਨ ਉੱਥੇ ਸਬਜ਼ੀਆਂ ਦੇ ਭਾਅ ਵੀ ਅਸਮਾਨੀ ਚੜ੍ਹੇ ਹੋਏ ਹਨ। ਇਸ ਦੀ ਇੱਕ ਵਜ੍ਹਾ ਪੰਜਾਬ ਵਿੱਚ ਹੜ੍ਹਾਂ ਕਰਕੇ ਫਸਲਾਂ ਦਾ ਨੁਕਸਾਨ ਹੋਣਾ ਵੀ ਮੰਨਿਆ ਜਾ ਰਿਹਾ ਹੈ। ਹੁਣ ਲੁਧਿਆਣਾ ਵਿੱਚ ਆਸ-ਪਾਸ ਦੇ ਰਾਜਾਂ ਤੋਂ ਇਲਾਵਾ ਮਹਾਰਾਸ਼ਟਰ ਤੋਂ ਵੀ ਕਈ ਸਬਜ਼ੀਆਂ ਆ ਰਹੀਆਂ ਹਨ।
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜਕਲ੍ਹ ਸਬਜ਼ੀਆਂ ਦੇ ਭਾਅ ਅਕਾਸ਼ ਨੂੰ ਛੂਹ ਰਹੇ ਹਨ। ਰੋਜ਼ਾਨਾਂ ਵੱਧ ਰਹੀਆਂ ਕੀਮਤਾਂ ਕਰਕੇ ਰਸੋਈਆਂ ਦਾ ਬਜਟ ਵੀ ਹਿੱਲ ਗਿਆ ਹੈ। ਇੱਥੋਂ ਦੀਆਂ ਮੰਡੀਆਂ ਵਿੱਚ ਲਸਣ 100 ਰੁਪਏ ਕਿੱਲੋ, ਅਦਰਕ-120 ਰੁਪਏ, ਗੋਭੀ ਅਤੇ ਬੰਦ ਗੋਭੀ-80 ਰੁਪਏ, ਘੀਆ 60 ਰੁਪਏ, ਜਿੰਮੀਂਕੰਦ, ਮਿਰਚ-80 ਰੁਪਏ, ਘੀਆ-60 ਰੁਪਏ, ਸ਼ਿਮਲਾ ਮਿਰਚ-80 ਰੁਪਏ, ਮਟਰ-80 ਤੋਂ 90 ਰੁਪਏ, ਕੱਦੂ, ਰਾਮ ਤੋਰੀ, ਅਰਬੀ, ਬੈਂਗਨ-40-40 ਰੁਪਏ, ਪਿਆਜ ਅਤੇ ਆਲੂ 20-20 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਹਨ। ਹਰ ਸਬਜ਼ੀ ਵਿੱਚ ਪੈਣ ਵਾਲਾ ਟਮਾਟਰ ਵੀ 60 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਕਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੜ੍ਹਾਂ ਕਰਕੇ ਬਹੁਤੀ ਸਬਜ਼ੀਆਂ ਦੀ ਫ਼ਸਲ ਖਰਾਬ ਹੋ ਗਈ ਹੈ। ਇਸ ਲਈ ਅੱਜਕਲ੍ਹ ਲੁਧਿਆਣਾ ਦੀਆਂ ਮੰਡੀਆਂ ਵਿੱਚ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਸਬਜ਼ੀ ਆ ਰਹੀ ਹੈ। ਜਿਸ ਕਰਕੇ ਕਈ ਸਬਜ਼ੀਆਂ ਦੇ ਭਾਅ ਵੱਧ ਹਨ। ਉਨ੍ਹਾਂ ਦੱਸਿਆ ਕਿ ਟਮਾਟਰ ਵੀ ਮਹਾਰਾਸ਼ਟਰ ਤੋਂ ਆ ਰਿਹਾ ਹੈ ਜਦਕਿ ਦੇਸੀ ਟਮਾਟਰ ਦਾ ਭਾਅ ਇਸ ਤੋਂ ਵੀ ਵੱਧ ਹੈ। ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਧ ਰਹੇ ਸਬਜੀਆਂ ਦੇ ਭਾਅ ਨੇ ਘਰਾਂ ਵਿੱਚ ਰਸੋਈ ਦਾ ਬਜ਼ਟ ਹਿਲਾ ਕੇ ਰੱਖ ਦਿੱਤਾ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਭਾਅ ਵਧਣ ਕਰਕੇ ਰਸੋਈ ਦਾ ਬਜਟ ਲਗਪਗ ਡੇਢ ਗੁਣਾਂ ਵੱਧ ਗਿਆ ਹੈ।