ਸਕੂਲ ਵੈਨ ਹੇਠ ਆਏ ਪਾਲਤੂ ਕੁੱਤੇ ਦੀ ਮੌਤ ਮਗਰੋਂ ਹੰਗਾਮਾ
ਅੱਜ ਸਵੇਰੇ ਇੱਥੇ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਵੈਨ ਹੇਠ ਆਉਣ ਕਾਰਨ ਪਾਲਤੂ ਕੁੱਤੇ ਦੀ ਮੌਤ ਹੋ ਗਈ, ਜਿਸ ਕਾਰਨ ਗੁੱਸੇ ’ਚ ਆਏ ਪਰਿਵਾਰ ਦੇ ਨੌਜਵਾਨਾਂ ਨੇ ਬਜ਼ੁਰਗ ਡਰਾਈਵਰ ਦੀ ਕੁੱਟਮਾਰ ਕੀਤੀ। ਹਸਪਤਾਲ ਵਿੱਚ ਜ਼ੇੇਰੇ ਇਲਾਜ ਬਜ਼ੁਰਗ ਡਰਾਈਵਰ ਦੀਦਾਰ ਸਿੰਘ ਬਿਆਨ ਦੇਣ ਤੋਂ ਵੀ ਅਸਮਰੱਥ ਸੀ। ਉਸ ਦੇ ਪਰਿਵਾਰਕ ਮੈਂਬਰਾਂ ਅਤੇ ਬੱਸ ’ਤੇ ਮੌਜੂਦ ਕੰਡਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਮਾਛੀਵਾੜਾ ਖਾਮ ਨੇੜੇ ਅਚਾਨਕ ਇੱਕ ਪਾਲਤੂ ਕੁੱਤਾ ਵੈਨ ਅੱਗੇ ਆ ਗਿਆ। ਕੁੱਤੇ ਦੀ ਵੈਨ ਹੇਠਾਂ ਆਉਣ ਕਾਰਨ ਮੌਤ ਹੋ ਗਈ। ਕੰਡਕਟਰ ਅਨੁਸਾਰ ਜਦੋਂ ਉਹ ਅਗਲੇ ਪਿੰਡ ਬੱਚਿਆਂ ਨੂੰ ਵੈਨ ਵਿੱਚ ਬਿਠਾ ਰਹੇ ਸਨ ਤਾਂ ਤਿੰਨ ਨੌਜਵਾਨਾਂ ਨੇ ਆ ਕੇ ਬੱਸ ਨੂੰ ਘੇਰ ਲਿਆ ਅਤੇ ਬੱਚਿਆਂ ਨਾਲ ਭਰੀ ਵੈਨ ਦੇ ਸੀਸ਼ਿਆਂ ’ਤੇ ਡਾਂਗਾ ਮਾਰੀਆਂ, ਜਿਸ ਕਾਰਨ ਬੱਚੇ ਸਹਿਮ ਗਏ। ਨੌਜਵਾਨਾਂ ਨੇ ਵੈਨ ਦੀ ਚਾਬੀ ਖੋਹ ਲਈ ਅਤੇ ਬਜ਼ੁਰਗ ਡਰਾਈਵਰ ਨੂੰ ਹੇਠਾਂ ਉਤਾਰ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੀੜਤ ਡਰਾਈਵਰ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਹੱਥੋਪਾਈ ਦੌਰਾਨ ਬਜ਼ੁਰਗ ਦੀ ਪੱਗ ਵੀ ਲਾਹੀ ਗਈ, ਇਸ ਲਈ ਕਥਿਤ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਜ਼ੁਰਗ ਨਾਲ ਹੋਈ ਕੁੱਟਮਾਰ ਦੀ ਮੌਕੇ ’ਤੇ ਮੌਜੂਦ ਵਿਅਕਤੀ ਵਲੋਂ ਵੀਡੀਓ ਬਣਾ ਲਈ ਗਈ ਜੋ ਕਿ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਈਰਲ ਹੋ ਰਹੀ ਹੈ।
