13 ਰੁਪਏ ’ਚ ਸ਼ਰਟ ਵੇਚਣ ਦੇ ਐਲਾਨ ਮਗਰੋਂ ਹੰਗਾਮਾ
ਦੁਕਾਨ ਦੇ ਬਾਹਰ ਭੀਡ਼ ਇਕੱਠੀ ਹੋਣ ਮਗਰੋਂ ਦੁਕਾਨਦਾਰ ਦੁਕਾਨ ਬੰਦ ਕਰ ਕੇ ਭੱਜਿਅਾ
Advertisement
ਸਨਅਤੀ ਸ਼ਹਿਰ ਦੇ ਦੁਗਰੀ ਇਲਾਕੇ ਵਿੱਚ ਇੱਕ ਦੁਕਾਨਦਾਰ ਵੱਲੋਂ ਗੁਰੂ ਨਾਨਕ ਦੇਵ ਦੇ ਗੁਰਪੁਰਬ ਮੌਕੇ ’ਤੇ 13 ਰੁਪਏ ਵਿੱਚ ਬ੍ਰਾਂਡੇਡ ਸ਼ਰਟ ਦੇਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਤੋਂ ਬਾਅਦ ਅੱਜ ਸਵੇਰੇ ਹੀ ਉਸ ਦੀ ਦੁਕਾਨ ਅੱਗੇ ਲੋਕਾਂ ਦਾ ਹੜ੍ਹ ਆ ਗਿਆ। ਉਸ ਦੀ ਦੁਕਾਨ ਅੱਗੇ 500 ਦੇ ਕਰੀਬ ਲੋਕ ਪੁਜ ਗਏ। ਦੁਕਾਨਦਾਰ ਕਿਸੇ ਤਰੀਕੇ ਦੁਕਾਨ ਦੇ ਅੰਦਰ ਗਿਆ ਤੇ ਭੀੜ ਵੱਧਦੀ ਦੇਖ ਲੋਕਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਦੇ ਪੁੱਜਣ ਤੋਂ ਪਹਿਲਾਂ ਹੀ ਦੁਕਾਨਦਾਰ ਦੁਕਾਨ ਬੰਦ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਦੁਕਾਨਦਾਰ ਨਾਲ ਧੱਕਾਮੁੱਕੀ ਵੀ ਕੀਤੀ ਪਰ ਉਹ ਦੁਕਾਨ ਬੰਦ ਕਰ ਕੇ ਭੱਜਣ ’ਚ ਸਫਲ ਰਿਹਾ। ਦੱਸਣਯੋਗ ਹੈ ਕਿ ਬੀਤੇ ਦਿਨੀਂ ਦੁੱਗਰੀ ਸਥਿਤ ਦੁਕਾਨਦਾਰ ਇੰਦਰਦੀਪ ਸਿੰਘ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਗੁਰਪੁਰਬ ਮੌਕੇ ਗਾਹਕਾਂ ਨੂੰ 13 ਰੁਪਏ ਵਿੱਚ ਸ਼ਰਟ ਦੇਣ ਦਾ ਐਲਾਨ ਕੀਤਾ ਸੀ। ਇਸ ਕਰਕੇ ਅੱਜ ਸਵੇਰੇ 7 ਵਜੇ ਤੋਂ ਹੀ ਉਸਦੀ ਦੁਕਾਨ ਦੇ ਬਾਹਰ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ। ਭੀੜ ਨੂੰ ਪਾਰ ਕਰ ਉਹ ਕਿਸੇ ਤਰੀਕੇ ਦੁਕਾਨ ਦੇ ਅੰਦਰ ਗਿਆ ਪਰ ਬਾਅਦ ਵਿੱਚ 13 ਰੁਪਏ ਵਿੱਚ ਸ਼ਰਟ ਲੈਣ ਲਈ ਭੀੜ ਨਾਲ ਬਹਿਸਬਾਜ਼ੀ ਸ਼ੁਰੂ ਹੋ ਗਈ। ਮਾਹੌਲ ਬੇਕਾਬੂ ਹੁੰਦਾ ਦੇਖ ਦੁਕਾਨਦਾਰ ਆਪਣੀ ਦੁਕਾਨ ਦਾ ਸ਼ਟਰ ਸੁੱਟ ਮੌਕੇ ਤੋਂ ਫ਼ਰਾਰ ਹੋ ਗਿਆ। ਲੋਕਾਂ ਨੇ ਭੀੜ ਦੇਖ ਕੇ ਪੁਲੀਸ ਨੂੰ ਸੂਚਨਾ ਦਿੱਤੀ। ਲੋਕਾਂ ਦਾ ਦੋਸ਼ ਸੀ ਕਿ ਉਹ 13 ਰੁਪਏ ਵਿੱਚ ਸ਼ਰਟ ਲੈਣ ਲਈ ਸਵੇਰ ਦੇ ਖੜ੍ਹੇ ਹਨ ਪਰ ਝੂਠੀ ਮਸ਼ਹੂਰੀ ਦੇ ਚੱਕਰ ਵਿੱਚ ਦੁਕਾਨਦਾਰ ਨੇ ਉਨ੍ਹਾਂ ਦੇ ਨਾਲ ਧੋਖਾ ਕੀਤਾ। ਦੁਕਾਨਦਾਰ ਇੰਦਰਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਰਫ਼ 50 ਲੋਕਾਂ ਨੂੰ 13 ਰੁਪਏ ਵਿੱਚ ਸ਼ਰਟ ਦੇਣ ਦੀ ਗੱਲ ਆਖੀ ਸੀ ਪਰ ਮੌਕੇ ’ਤੇ ਸੈਂਕੜੇ ਲੋਕ ਪੁੱਜ ਗਏ। ਇਸ ਕਰਕੇ ਪੁਲੀਸ ਨੇ ਉਨ੍ਹਾਂ ਦੀ ਦੁਕਾਨ ਬੰਦ ਕਰਵਾ ਦਿੱਤੀ।
Advertisement
Advertisement
