ਪੰਜਾਬੀ ਲਿਖਾਰੀ ਸਭਾ ਦੀ ਇੱਕਤਰਤਾ
ਅੱਜ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਸਿਕ ਇੱਕਤਰਤਾ ਸਭਾ ਦੇ ਲਾਇਬੇ੍ਰਰੀ ਹਾਲ ਵਿਖੇ ਅਮਰਿੰਦਰ ਸੋਹਲ ਦੀ ਪ੍ਰਧਾਨਗੀ ਹੇਠਾਂ ਹੋਈ। ਜਿਸ ਵਿਚ ਸਭ ਤੋਂ ਪਹਿਲਾ ਸੰਤ ਸਿੰਘ ਸੋਹਲ, ਰਾਜਵਿੰਦਰ ਸਮਰਾਲਾ, ਦਲਜੀਤ ਸ਼ਾਹੀ, ਸਮਸ਼ਾਦ ਅਲੀ, ਵਿਸ਼ਿਵੰਦਰ ਰਾਮਪੁਰ, ਮਨਦੀਪ ਮਾਂਗਟ, ਜਸਵੀਰ ਝੱਜ ਅਤੇ ਜੋਗਿੰਦਰ ਸਿੰਘ ਓਬਰਾਏ ਵੱਲੋਂ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਬਣੀ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਸਭਾ ਦੇ ਗੌਰਵਮਈ ਇਤਿਹਾਸ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਰਾਮਪੁਰ ਸਭਾ ਇਕ ਚਾਨਣ ਮੁਨਾਰਾ ਹੈ ਜਿਸ ਵਿਚ ਬਹੁਤ ਲੇਖਕਾਂ ਨੇ ਉੱਚੇ ਮੁਕਾਮ ਹਾਸਲ ਕੀਤੇ। ਰਚਨਾਵਾਂ ਦੇ ਦੌਰ ਵਿਚ ਪ੍ਰੋ.ਸਮਸ਼ਾਦ ਅਲੀ ਨੇ ਸੁਰਜੀਤ ਰਾਮਪੁਰੀ ਦੀ ਗਜ਼ਲ ਜੋ ਵੀ ਪਾਣੀ ਪੀਂਦਾ ਸ਼ਾਇਰ ਬਣ ਜਾਂਦਾ, ਸੰਤ ਸਿੰਘ ਸੋਹਲ ਨੇ ਗਜ਼ਲ ਕਿਸੇ ਦੇ ਗੀਤ ਵਿਕਦੇ ਨੇ, ਵਿਸ਼ਿਵੰਦਰ ਰਾਮਪੁਰ ਨੇ ਗਜ਼ਲ ਨੇੜੇ ਨੇੜੇ ਜਿਹੜੇ ਲੱਗੀ ਜਾਂਦੇ ਸੀ, ਦਲਬੀਰ ਕਲੇਰ ਨੇ ਗੀਤ ਵਿਜੀਲੈਂਸ ਵਾਲੇ ਛਾਪੇ ਮਾਰਦੇ, ਸੁਖਦੇਵ ਸਿੰਘ ਨੇ ਗੀਤ ਕਰਾ ਤੇਰਾ ਸ਼ੁਕਰਾਨਾ, ਤਰਨ ਰਾਮਪੁਰ ਨੇ ਗਜ਼ਲ ਦਿਲ ਦੀ ਹਰ ਗੱਲ ਕਹਿ ਗਈ, ਸਿਕੰਦਰ ਰਾਮਪੁਰੀ ਨੇ ਗੀਤ ਆਫ਼ਤ, ਜਸਵੀਰ ਝੱਜ ਨੇ ਗੀਤ ਰੁੜ੍ਹ ਗਈਆਂ ਸੱਧਰਾਂ, ਸਵਰਨ ਪੱਲ੍ਹਾ ਨੇ ਗੀਤ ਚਿੱਤ ਚੇਤਿਆਂ ਵਿਚ ਨਹੀਂ, ਬਲਜਿੰਦਰ ਸਿੰਘ ਨੇ ਗਜ਼ਲ ਸਮਝਦਾ ਜਿੱਤ ਗਿਆ, ਜਸਪਾਲ ਜੱਗਾ ਨੇ ਗੀਤ ਬੰਦ ਕਰੋ ਚਿੱਟਾ, ਹਰਬੰਸ ਰਾਏ ਨੇ ਗੀਤ ਰੱਬ ਦੀ ਕਰੋਪੀ, ਸ਼ੇਰ ਸਿੰਘ ਨੇ ਗੀਤ ਜ਼ਮੀਨਾਂ ਰਹਿ ਗਈਆਂ, ਜਗਦੀਪ ਸਿੰਘ ਨੇ ਕਵਿਤਾ ਸ਼ਹਿਣਸ਼ੀਲਤਾ, ਅਮਰਿੰਦਰ ਸੋਹਲ ਨੇ ਗਜ਼ਲ ਜਿਸ ਦੀ ਤਲਾਸ਼ ਵਿਚ ਸੁਣਾਈਆਂ। ਇਸ ਉਪਰੰਤ ਸੰਤ ਸਿੰਘ ਸੋਹਲ ਨੇ ਆਪਣੀ ਕਿਤਾਬ ‘ਮਹਾਨ ਜਰਨੈਲ ਬਾਬਾ ਬੰਦ ਸਿੰਘ ਬਹਾਦਰ’ ਅਤੇ ਰਾਜਵਿੰਦਰ ਸਮਰਾਲਾ ਨੇ ਬਲਕਾਰ ਸਿੰਘ ਦੀ ਕਿਤਾਬ ‘ਦਰਿਆਵਾਂ ਦੇ ਵਹਿਣ’ ਲਾਇਬ੍ਰੇਰੀ ਨੂੰ ਭੇਟ ਕੀਤੀਆਂ। ਪੜ੍ਹੀਆਂ ਸੁਣੀਆਂ ਰਚਨਾਵਾਂ ’ਤੇ ਹੋਈ ਬਹਿਸ ਵਿਚ ਦਲਜੀਤ ਸ਼ਾਹੀ, ਸੁਖਜੀਵਨ ਰਾਮਪੁਰੀ, ਜਸਪ੍ਰੀਤ ਕੌਰ, ਅਭੈਜੀਤ ਸਿੰਘ, ਟਹਿਲ ਸਿੰਘ, ਦਲਜਿੰਦਰ ਸਿੰਘ, ਪ੍ਰਭਜੋਤ ਸਿੰਘ ਨੇ ਉਸਾਰੂ ਟਿੱਪਣੀਆਂ ਕੀਤੀਆਂ। ਇਸ ਮੌਕੇ ਹੜ੍ਹਾਂ ਦੀ ਮਾਰ ਕਾਰਨ ਹੋਏ ਨੁਕਸਾਨ ਅਤੇ ਗਈਆਂ ਮਨੁੱਖੀ ਜਾਨਾਂ ਪ੍ਰਤੀ ਸ਼ੋਕ ਮਤਾ ਪਾ ਕੇ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ। ਸਭਾ ਦੀ ਕਾਰਵਾਈ ਪ੍ਰਭਜੋਤ ਰਾਮਪੁਰ ਨੇ ਬਾਖੂਬੀ ਨਿਭਾਈ।