ਯੂਨਾਈਟਿਡ ਸਿੱਖਜ਼ ਵੱਲੋਂ ‘ਉੱਚੀਆਂ ਉਡਾਰੀਆਂ’ ਲੈਕਚਰ ਮੁਕਾਬਲਾ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਮਈ
ਯੂਨਾਈਟਿਡ ਸਿੱਖਜ਼ ਵੱਲੋਂ ਸਿੱਖ ਬੱਚਿਆਂ ਨੂੰ ਆਪਣੇ ਧਰਮ, ਵਿਰਸੇ ਤੇ ਇਤਿਹਾਸ ਨਾਲ ਜੋੜਨ ਅਤੇ ਖ਼ਾਸ ਕਰਕੇ ਉਨ੍ਹਾਂ ਨੂੰ ਸਿੱਖ ਕੌਮ ਦੀਆਂ ਮਹਾਨ ਸ਼ਖ਼ਸੀਅਤਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਣ ਲਈ ਲੈਕਚਰ ਮੁਕਾਬਲਾ ‘ਉੱਚੀਆਂ ਉਡਾਰੀਆਂ’ ਦੀ ਸ਼ੁਰੂਆਤ ਕੀਤੀ ਗਈ ਹੈ।
ਗੁਰਦੁਆਰਾ ਗੁਰੂ ਸਿੰਘ ਸਭਾ ਹਰਨਾਮ ਨਗਰ ਵਿੱਚ ਪਹਿਲੇ ਪੜਾਅ ਦੇ ਕੀਤੇ ਗਏ ਲੈਕਚਰ ਮੁਕਾਬਲੇ ਵਿੱਚ ਵੱਖ-ਵੱਖ ਉਮਰ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੇ ਬੋਧਿਕ ਗਿਆਨ ਤੇ ਗੁਣਨਾਤਮਕ ਕਲਾ ਦਾ ਪ੍ਰਦਰਸ਼ਨ ਕੀਤਾ। ਲੈਕਚਰ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਮੂਹ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਤੇ ਜੇਤੂ ਰਹਿਣ ਵਾਲੇ ਸਮੂਹ ਬੱਚਿਆਂ ਨੂੰ ਯੂਨਾਈਟਿਡ ਸਿੱਖਜ਼ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨਾਮ ਭੇਟ ਕਰਕੇ ਸਨਮਾਨਿਆ ਗਿਆ।
ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਸਲੂਜਾ ਨੇ ਕਿਹਾ ਕਿ ਬੱਚਿਆਂ ਨੂੰ ਸਿੱਖ ਸ਼ਖ਼ਸੀਅਤਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਣ ਲਈ ਮਿਸ਼ਨ ‘ਉੱਚੀਆਂ ਉਡਾਰੀਆਂ’ ਦੀ ਯੂਨਾਈਟਿਡ ਸਿੱਖਜ਼ ਵੱਲੋਂ ਕੀਤੀ ਗਈ ਨਵੇਕਲੀ ਪਹਿਲ ਸ਼ਲਾਘਾਯੋਗ ਹੈ। ਇਸ ਦੌਰਾਨ ਯੂਨਾਈਟਿਡ ਸਿੱਖਜ਼ ਪੰਜਾਬ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਤੇ ਹਰਜੀਤ ਸਿੰਘ ਆਨੰਦ ਨੇ ਕਿਹਾ ਕਿ ਸਿੱਖ ਕੌਮ ਦੀ ਚੜ੍ਹਦੀਕਲਾ ਤੇ ਸਮੁੱਚੇ ਸੰਸਾਰ ਅੰਦਰ ਆਪਣੀਆਂ ਸ਼ਾਨਾਮੱਤੀ ਪ੍ਰਾਪਤੀਆਂ ਤੇ ਸੇਵਾਵਾਂ ਰਾਹੀਂ ਸਿੱਖ ਕੌਮ ਦਾ ਨਾਮ ਰੋਸ਼ਨ ਕਰਨ ਵਾਲੀਆਂ ਮਹਾਨ ਪ੍ਰਮੁੱਖ ਸਖ਼ਸ਼ੀਅਤਾਂ ਦੀਆਂ ਪ੍ਰਾਪਤੀਆਂ ਤੋਂ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਜਾਣੂ ਕਰਵਾਉਣ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਵੱਖ ਵੱਖ ਗੁਰਦਵਾਰਿਆਂ ਅੰਦਰ ‘ਆਉ ਬੱਚਿਓ ਆਪਣੇ ਇਤਿਹਾਸ ’ਤੇ ਮਾਣ ਕਰੀਏ’ ਦੇ ਸਿਰਲੇਖ ਹੇਠ ਮਿਸ਼ਨ ‘ਉੱਚੀਆਂ ਉਡਾਰੀਆਂ’ ਲੈਕਚਰ ਮੁਕਾਬਲਾ ਆਰੰਭ ਕੀਤਾ ਗਿਆ ਹੈ। ਇਸ ਮੌਕੇ ਭੁਪਿੰਦਰ ਸਿੰਘ ਮਕੱੜ, ਬਲਦੇਵ ਸਿੰਘ ਚੇਅਰਮੈਨ, ਗੁਰਚਰਨ ਸਿੰਘ ਚੰਨ, ਅਮਰਜੀਤ ਸਿੰਘ ਟੋਨੀ ਮੱਕੜ, ਕੁਲਵਿੰਦਰ ਸਿੰਘ ਲਾਡੀ ਅਤੇ ਕੁਲਦੀਪ ਸਿੰਘ ਦੀਪਾ ਨੇ ਜੱਜ ਸਾਹਿਬਾਨ ਉਰਵਿੰਦਰ ਸਿੰਘ ਤੇ ਬੀਬੀ ਸੁਮਨਜੀਤ ਕੌਰ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ।