ਕੇਂਦਰੀ ਰਾਜ ਮੰਤਰੀ ਵੱਲੋਂ ਸਾਹਨੇਵਾਲ ਤੇ ਗਿੱਲ ਹਲਕੇ ਦਾ ਦੌਰਾ
ਕੇਂਦਰੀ ਰਾਜ ਮੰਤਰੀ ਉਪਭੋਗਤਾ ਮਾਮਲੇ, ਖਾਦ ਅਤੇ ਵੰਡ ਵਿਭਾਗ ਨੀਮੂਬੇਨ ਜਯੰਤੀਭਾਈ ਭੰਭਾਨੀਆ ਨੇ ਅੱਜ ਹਲਕਾ ਸਾਹਨੇਵਾਲ ਅਤੇ ਗਿੱਲ ਪਿੰਡਾਂ ਦਾ ਦੌਰਾ ਕਰਕੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ।
ਇਸ ਮੌਕੇ ਭਾਜਪਾ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਨੇ ਉਨ੍ਹਾਂ ਨੂੰ ਹਲਕੇ ਵਿੱਚ ਹੋਏ ਵੱਡੇ ਨੁਕਸਾਨ ਦੀ ਸਮੁੱਚੀ ਜਾਣਕਾਰੀ ਦਿੱਤੀ। ਸ੍ਰੀ ਬਲੀਏਵਾਲ ਨੇ ਦੱਸਿਆ ਕਿ ਸਸਰਾਲੀ ਬੰਨ੍ਹ ਟੁੱਟਣ ਨਾਲ ਆਏ ਹੜ੍ਹ ਕਾਰਨ ਇਕੱਲੀਆਂ ਫ਼ਸਲਾਂ ਦਾ ਹੀ ਨੁਕਸਾਨ ਨਹੀਂ ਹੋਇਆ ਸਗੋਂ ਉਨ੍ਹਾਂ ਦੇ ਹਲਕੇ ਦੀ ਤਕਰੀਬਨ 450 ਏਕੜ ਜ਼ਮੀਨ ਵੀ ਸਤਲੁਜ ਦਰਿਆ ਵਿੱਚ ਰੁੜ ਗਈ ਹੈ, ਜਿਸ ਕਰਕੇ ਕਿਸਾਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੂੰ ਵਾਰ ਵਾਰ ਜਾਣਕਾਰੀ ਦਿੱਤੇ ਜਾਣ ਦੇ ਬਾਵਜੂਦ ਹੜ੍ਹਾਂ ਨੂੰ ਰੋਕਣ ਲਈ ਕੋਈ ਵੱਡੇ ਕਦਮ ਨਹੀਂ ਚੁੱਕੇ, ਜਦਕਿ ਭਾਜਪਾ ਦੇ ਵਰਕਰਾਂ ਅਤੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਆਪਣੇ ਪੱਧਰ ’ਤੇ ਹੜ੍ਹਾਂ ਨੂੰ ਰੋਕਣ ਲਈ ਵੱਡੀ ਸੇਵਾ ਨਿਭਾਈ।
ਇਸ ਮੌਕੇ ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਦੌਰੇ ਸਮੇਂ ਸਰਕਾਰ ਨੂੰ 1600 ਕਰੋੜ ਰੁਪਏ ਦੀ ਫੌਰੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਭੇਜਿਆ ਗਿਆ ਐਸਡੀਆਰਐਫ ਦਾ 12 ਹਜ਼ਾਰ ਕਰੋੜ ਤੋਂ ਵੱਧ ਦਾ ਫ਼ੰਡ ਪੰਜਾਬ ਸਰਕਾਰ ਕੋਲ ਪਹਿਲਾਂ ਹੀ ਮੌਜੂਦ ਹੈ, ਜਿਸ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਹੋ ਸਕਦੀ ਹੈ।
ਕੇਂਦਰੀ ਮੰਤਰੀ ਨੇ ਕਿਹਾ ਭਾਜਪਾ ਸਰਕਾਰ ਪੰਜਾਬ ਦੀ ਇਸ ਔਖੀ ਘੜੀ ਵਿੱਚ ਪੰਜਾਬ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਕੇਂਦਰੀ ਮੰਤਰੀ ਮੌਕੇ ਤੇ ਮੌਜੂਦ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਸਾਰੇ ਨੁਕਸਾਨ ਦੀ ਲਿਖਤੀ ਰਿਪੋਰਟ ਬਣਾ ਕੇ ਭੇਜਣ ਦੇ ਨਿਰਦੇਸ਼ ਜਾਰੀ ਕੀਤੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਕੈਂਥ ਨੇ ਹਲਕਾ ਗਿੱਲ ਦੇ ਪਿੰਡ ਤਲਵੰਡੀ ਕਲਾਂ, ਬੋਂਕੜ ਡੋਗਰਾਂ, ਨੰਬਰ 5 ਠੋਕਰ ਅਤੇ ਖੈਰਾ ਬੇਟ ਸਬੰਧੀ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਕੇਂਦਰੀ ਮੰਤਰੀ ਵੱਲੋਂ ਔਖੇ ਸਮੇਂ ਵਿੱਚ ਪੰਜਾਬ ਦੀ ਸਾਰ ਲੈਣ ਲਈ ਕੀਤੇ ਗਏ ਇਸ ਦੌਰੇ ਦੇ ਲਈ ਧੰਨਵਾਦ ਕੀਤਾ। ਇਸ ਮੌਕੇ ਮੇਵਾ ਸਿੰਘ ਢੋਲਣਵਾਲ, ਮੰਡਲ ਪ੍ਰਧਾਨ ਬਲਕੌਰ ਸਿੰਘ ਰਾਜਪੂਤ, ਸੰਦੀਪ ਠਾਕੁਰ, ਸੁਰਿੰਦਰ ਸਿੰਘ ਸਰਪੰਚ ਸਸਰਾਲੀ, ਸਚਿਨ ਸ਼ਰਮਾ, ਕਪੂਰ ਸਿੰਘ ਸਾਬਕਾ ਸਰਪੰਚ , ਸੇਵਾ ਸਿੰਘ ਸਾਬਕਾ ਸਰਪੰਚ ਬੂਥਗੜ੍ਹ, ਗੁਰਮੁਖ ਸਿੰਘ ਸੰਤੋਖ ਸਿੰਘ ਮੈਂਬਰ ਪੰਚਾਇਤ ਰੋੜ ਵੀ ਹਾਜ਼ਰ ਸਨ।