ਭੈਣ-ਭਰਾ ਦੀ ਲੜਾਈ ਹਟਾਉਣ ਗਏ ਮੁਲਾਜ਼ਮ ਦੀ ਵਰਦੀ ਫਾੜੀ
ਇੱਥੋਂ ਪਿੰਡ ਵਿਰਕ (ਥਾਣਾ ਸਿੱਧਵਾਂ ਬੇਟ) ’ਚ ਭੈਣ-ਭਰਾ ਦੀ ਲੜਾਈ ਹਟਾਉਣ ਗਏ ਪੁਲੀਸ ਮੁਲਾਜ਼ਮ ਨਾਲ ਬਦਸਲੂਕੀ ਕਰਨ ਅਤੇ ਉਸ ਦੀ ਵਰਦੀ ਪਾੜ੍ਹਨ ਖ਼ਿਲਾਫ਼ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਸਹਾਇਕ ਸਬ-ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿਰਕ ਦੀ ਇੱਕ ਲੜਕੀ ਕਿਰਨਦੀਪ ਕੌਰ ਉਰਫ ਗਗਨਦੀਪ ਕੌਰ ਨੇ ਪੁਲੀਸ ਨੂੰ ਫੋਨ ’ਤੇ ਸ਼ਿਕਾਇਤ ਕੀਤੀ ਕਿ ਉਸ ਦਾ ਭਰਾ ਜਸਵਿੰਦਰ ਸਿੰਘ ਘਰ ਵਿੱਚ ਕਲੇਸ਼ ਕਰ ਰਿਹਾ ਹੈ ਅਤੇ ਘਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਹਾਇਕ ਸਬ-ਇੰਸਪੈਕਟਰ ਦਲਜੀਤ ਸਿੰਘ ਅਨੁਸਾਰ ਜਦੋਂ ਪੁਲੀਸ ਪਾਰਟੀ ਕਿਰਨਦੀਪ ਕੌਰ ਉਰਫ ਗਗਨਦੀਪ ਕੌਰ ਦੇ ਘਰ ਪਹੁੰਚੀ ਤਾਂ ਮੁਲਜ਼ਮ ਜਸਵਿੰਦਰ ਸਿੰਘ ਨੇ ਘਰ ਦੇ ਵਿਹੜੇ ’ਚ ਇੱਕ ਬੈੱਗ ਨੂੰ ਅੱਗ ਲਗਾਈ ਹੋਈ ਸੀ। ਘਰ ਦਾ ਨੁਕਸਾਨ ਹੋਣ ਦੇ ਡਰੋਂ ਜਦੋਂ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਭੈਣ ਕਿਰਨਦੀਪ ਕੌਰ ਉਰਫ ਗਗਨਦੀਪ ਕੌਰ ਨਾਲ ਗੁਥਮ ਗੁੱਥੀ ਹੋਣ ਲੱਗਾ। ਇਸੇ ਦੌਰਾਨ ਮੁਲਜ਼ਮ ਜਸਵਿੰਦਰ ਸਿੰਘ ਨੇ ਪੁਲੀਸ ਮੁਲਾਜ਼ਮ ਜਗਤਾਰ ਸਿੰਘ ਦੀ ਵਰਦੀ ਨੂੰ ਫਾੜ ਦਿੱਤੀ। ਸਾਥੀ ਪੁਲੀਸ ਮੁਲਾਜ਼ਮਾਂ ਨੇ ਜਸਵਿੰਦਰ ਸਿੰਘ ਨੂੰ ਕਾਬੂ ਕਰਕੇ ਥਾਣਾ ਸਿੱਧਵਾਂ ਬੇਟ ਲਿਆ ਕੇ ਉਸ ਖਿਲਾਫ ਕੇਸ ਦਰਜ ਕਰ ਲਿਆ ਹੈ।
