ਪਾਵਰਕੌਮ ਦੇ ਸੁਪਰਡੈਂਟ ਤੇ ਉੱਪ ਲੇਖਾਕਾਰ ਦੀ ਬਹਾਲੀ ਲਈ ਅਲਟੀਮੇਟਮ
ਪਾਵਰਕੌਮ ਮੁਲਾਜ਼ਮਾਂ ਨੇ ਸੁੰਦਰ ਨਗਰ ਦੇ ਸੁਪਰਡੈਂਟ ਇੰਜਨੀਅਰ ਪੂਰਬੀ ਵੱਲੋਂ ਮੁਅੱਤਲ ਕੀਤੇ ਸੁਪਰਡੈਂਟ ਯੋਗੇਸ਼ ਕੁਮਾਰ ਅਤੇ ਉੱਪ ਲੇਖਾਕਾਰ ਪ੍ਰਭਜੋਤ ਕੌਰ ਦੀ ਮੁਅੱਤਲੀ ਰੱਦ ਕਰਵਾਉਣ ਲਈ ਅੱਜ ਪ੍ਰਦਰਸ਼ਨ ਕਰਦਿਆਂ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਦੋ ਦਿਨਾਂ ਦੇ ਅੰਦਰ ਇਨ੍ਹਾਂ ਨੂੰ ਬਹਾਲ ਨਾ ਕੀਤਾ ਗਿਆ ਤਾਂ ਉਹ ਜ਼ੋਰਦਾਰ ਸੰਘਰਸ਼ ਕਰਨਗੇ।
ਇੱਥੇ ਜ਼ਿਕਰਯੋਗ ਹੈ ਕਿ ਸੁੰਦਰ ਨਗਰ ਡਿਵੀਜ਼ਨ ਵਿੱਚ ਕੰਮ ਕਰਦੇ ਸਮੇਂ ਹਾਦਸਾ ਗ੍ਰਸਤ ਹੋਏ ਮ੍ਰਿਤਕ ਅਮਨਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਨੂੰ ਦਿੱਤੇ ਮੁਆਵਜ਼ੇ ਸਬੰਧੀ ਢਿੱਲਮੱਠ ਦੇ ਦੋਸ਼ ਤਹਿਤ ਦੋਹਾਂ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ। ਜੁਆਇੰਟ ਫੋਰਮ ਦੇ ਸੂਬਾਈ ਆਗੂ ਰਘਵੀਰ ਸਿੰਘ ਰਾਮਗੜ੍ਹ ਅਤੇ ਪੀਐਸਈਬੀ ਐਂਪਲਾਈਜ ਫੈਡਰੇਸ਼ਨ ਏਟਕ ਦੇ ਸੂਬਾਈ ਆਗੂ ਰਛਪਾਲ ਸਿੰਘ ਪਾਲੀ ਦੀ ਅਗਵਾਈ ਹੇਠ ਹੋਏ ਰੋਸ ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ ਨੂੰ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ ਗਿਆ।
ਸੁੰਦਰ ਨਗਰ ਡਿਵੀਜ਼ਨ ਵਿੱਚ ਪੀਐਸਈਬੀ ਅਕਾਊਂਂਟਸ ਆਡਿਟ ਐਂਡ ਐਡਮਿਨਸਟਰੇਟਿਵ ਸਰਵਿਸ ਐਸੋਸੀਏਸ਼ਨ ਅਤੇ ਐਮਐਸਯੂ ਤੋਂ ਇਲਾਵਾ ਹੋਰ ਜਥੇਬੰਦੀਆਂ ਤੇ ਵੱਖ ਵੱਖ ਥਾਵਾਂ ਤੋਂ ਪਹੁੰਚੇ ਬਿਜਲੀ ਮੁਲਾਜ਼ਮਾਂ ਨੇ ਪ੍ਰਦਰਸ਼ਨ ਕਰਦਿਆਂ ਦੋਹਾਂ ਮੁਲਾਜ਼ਮਾਂ ਦੀ ਮੁਅੱਤਲੀ ਨੂੰ ਅਫ਼ਸਰਸ਼ਾਹੀ ਦੀ ਧੱਕੇਸ਼ਾਹੀ ਆਖਕੇ ਇਸਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।
ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਜੇਕਰ 2 ਦਿਨ ਦੇ ਅੰਦਰ ਮੰਗ ਨਹੀਂ ਮੰਨੀ ਗਈ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਚੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਸਬੰਧਿਤ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਕੇਵਲ ਸਿੰਘ ਬਨਵੈਤ, ਜਗੀਰ ਸਿੰਘ, ਗੁਰਪ੍ਰੀਤ ਸਿੰਘ ਮਹਿਦੂਦਾਂ, ਸੁਰਜੀਤ ਕੁਮਾਰ, ਅਵਤਾਰ ਸਿੰਘ ਬੱਸੀਆਂ, ਬਲਵਿੰਦਰ ਸਿੰਘ, ਗੌਰਵ, ਧਰਮਪਾਲ, ਮਨੋਜ ਕੁਮਾਰ, ਲਖਬੀਰ ਸਿੰਘ ਆਰ ਏ, ਰਾਜਿੰਦਰ ਸਿੰਘ, ਗੁਰਦੀਪ ਸਿੰਘ, ਮੋਹਿਤ ਸ਼ਰਮਾ, ਸੰਦੀਪ ਕੁਮਾਰ, ਮੁਕੇਸ਼ ਗਰਗ, ਰੋਹਿਤ ਕੁਮਾਰ ਨੇ ਵੀ ਸੰਬੋਧਨ ਕੀਤਾ।