ਬੱਸ ਤੇ ਮੋਟਰਸਾਈਕਲ ਦੀ ਟੱਕਰ ’ਚ ਦੋ ਨੌਜਵਾਨ ਹਲਾਕ
ਇੱਥੇ ਪੰਜਾਬ ਰੋਡਵੇਜ਼ ਦੀ ਬੱਸ ਅਤੇ ਮੋਟਰਸਾਈਕਲ ਦੀ ਸਿੱਧੀ ਟੱਕਰ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਥਾਣਾ ਰਾਏਕੋਟ ਸ਼ਹਿਰੀ ਦੇ ਥਾਣੇਦਾਰ ਕੁਲਦੀਪ ਕੁਮਾਰ ਅਨੁਸਾਰ ਚਾਰ ਨੌਜਵਾਨ ਦੋ ਮੋਟਰਸਾਈਕਲਾਂ ’ਤੇ ਪਿੰਡ ਚੜਿੱਕ ਵਾਪਸ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਵਾਰਾਂ ਦੀ ਟਰੱਕ ਤੋਂ ਅੱਗੇ ਨਿਕਲਣ ਸਮੇਂ ਸਾਹਮਣਿਓਂ ਆ ਰਹੀ ਪੰਜਾਬ ਰੋਡਵੇਜ਼ ਜਗਰਾਉਂ ਦੀ ਬੱਸ ਨਾਲ ਸਿੱਧੀ ਟੱਕਰ ਹੋ ਗਈ। ਇਸ ਟੱਕਰ ਵਿੱਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਕੇ ਉੱਪਰ ਮੌਤ ਹੋ ਗਈ ਜਦਕਿ ਦੂਜੇ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਪਿੰਡ ਚੜਿੱਕ ਜ਼ਿਲ੍ਹਾ ਮੋਗਾ ਵਾਸੀ ਸਚਿਨਪ੍ਰੀਤ ਸਿੰਘ (21) ਪੁੱਤਰ ਹਰਜਿੰਦਰ ਸਿੰਘ ਅਤੇ ਗਗਨਜੀਤ ਸਿੰਘ (20) ਪੁੱਤਰ ਗੁਰਲਾਲ ਸਿੰਘ ਵਜੋਂ ਹੋਈ ਹੈ। ਜਾਂਚ ਅਫ਼ਸਰ ਕੁਲਦੀਪ ਕੁਮਾਰ ਅਨੁਸਾਰ ਲਾਸ਼ਾਂ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼ ਜਗਰਾਉਂ ਦੀ ਬੱਸ ਡਰਾਈਵਰ ਦੀ ਪਹਿਚਾਣ ਬਲਵੀਰ ਸਿੰਘ ਵਾਸੀ ਪੱਖੋਵਾਲ ਵਜੋਂ ਹੋਈ ਹੈ।
ਟਰੱਕ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
Advertisementਦੋਰਾਹਾ (ਪੱਤਰ ਪ੍ਰੇਰਕ): ਇੱਥੇ ਅੱਜ ਦੁਪਹਿਰ ਦੋਰਾਹਾ ਤੋਂ ਆਪਣੇ ਪਿੰਡ ਸਾਈਕਲ ’ਤੇ ਜਾ ਰਹੇ ਇਕ ਵਿਅਕਤੀ ਨੂੰ ਦੋਰਾਹਾ ਨਹਿਰ ਪੁੱਲ ਨੇੜੇ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਸਿੱਟੇ ਵਜੋਂ ਸਾਈਕਲ ਸਵਾਰ ਦੀ ਘਟਨਾ ਸਥਾਨ ’ਤੇ ਮੌਤ ਹੋ ਗਈ। ਟਰੱਕ ਡਰਾਈਵਰ ਘਟਨਾ ਉਪਰੰਤ ਟਰੱਕ ਸਮੇਤ ਫ਼ਰਾਰ ਹੋ ਗਿਆ। ਮ੍ਰਿਤਕ ਦੀ ਪਹਿਚਾਣ ਜਸਵੀਰ ਸਿੰਘ ਵਾਸੀ ਪਿੰਡ ਦੋਰਾਹਾ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ਸਬੰਧੀ ਕੇਸ ਦਰਜ ਕਰ ਕੇ ਅਣਪਛਾਤੇ ਟਰੱਕ ਡਰਾਈਵਰ ਦੀ ਭਾਲ ਆਰੰਭ ਕਰ ਦਿੱਤੀ ਹੈ।
ਦੋ ਸੜਕ ਹਾਦਸਿਆਂ ਵਿੱਚ ਦੋ ਜ਼ਖ਼ਮੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਵਾਪਰੇ ਸੜਕ ਹਾਦਸਿਆਂ ਵਿੱਚ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਚੰਦਨ ਨਗਰ ਪਿੰਡ ਭੋਰਾ ਵਾਸੀ ਨਰੇਸ਼ ਕੁਮਾਰ ਸ਼ਰਮਾ ਦਾ ਲੜਕਾ ਸਾਜਨ ਸ਼ਰਮਾ (34) ਐਕਟਿਵਾ ’ਤੇ ਘਰ ਜਾ ਰਿਹਾ ਸੀ ਕਿ ਕਾਰਾਬਾਰਾ ਚੌਕ ਪੁਰਾਣੀ ਸਬਜ਼ੀ ਮੰਡੀ ਕੋਲ ਅਣਪਛਾਤੇ ਵਿਅਕਤੀ ਨੇ ਆਪਣਾ ਛੋਟਾ ਹਾਥੀ ਲਾਪਰਵਾਹੀ ਨਾਲ ਚਲਾ ਕੇ ਉਸ ਨੂੰ ਫੇਟ ਮਾਰੀ ਜਿਸ ਨਾਲ ਉਸਦੇ ਕਾਫ਼ੀ ਸੱਟਾਂ ਲੱਗੀਆਂ। ਜ਼ਖ਼ਮੀ ਹਾਲਤ ਵਿੱਚ ਉਸਨੂੰ ਇਲਾਜ ਲਈ ਡੀਐੱਮਸੀ ਹਸਪਤਾਲ ਦਾਖ਼ਲ ਕਰਾਇਆ ਗਿਆ। ਪੁਲੀਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਮਨੋਜ ਕੁਮਾਰ ਆਪਣੇ ਮੋਟਰਸਾਈਕਲ ’ਤੇ ਬਸੰਤ ਐਵੀਨਿਊ ਰੋਡ ਤੋਂ ਕੰਮ ’ਤੇ ਜਾ ਰਿਹਾ ਸੀ ਕਿ ਸਾਹਮਣੇ ਤੋਂ ਕਾਰ ਚਾਲਕ ਨੇ ਆਪਣੀ ਕਾਰ ਤੇਜ਼ ਰਫ਼ਤਾਰੀ ਨਾਲ ਚਲਾ ਕੇ ਉਸਨੂੰ ਟੱਕਰ ਮਾਰੀ, ਜਿਸ ਨਾਲ ਉਸਨੂੰ ਕਾਫ਼ੀ ਸੱਟਾਂ ਲੱਗੀਆਂ। ਉਸਨੂੰ ਸੁਪਰ ਸਪੈਸ਼ਲਿਸਟੀ ਹਸਪਤਾਲ ਬਸੰਤ ਐਵਨਿਊ ਦਾਖ਼ਲ ਕਰਵਾਇਆ ਗਿਆ ਹੈ। ਥਾਣੇਦਾਰ ਜਗਤਾਰ ਸਿੰਘ ਅਨੁਸਾਰ ਪੁਲੀਸ ਵੱਲੋਂ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।