ਸੜਕ ਹਾਦਸਿਆਂ ਵਿੱਚ ਦੋ ਔਰਤਾਂ ਹਲਾਕ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਮਾਰਚ
ਇੱਥੇ ਸੜਕ ਹਾਦਸਿਆਂ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਇੱਕ ਔਰਤ ਗੰਭੀਰ ਜ਼ਖ਼ਮੀ ਹੋ ਗਈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਥਾਣਾ ਹੈਬੋਵਾਲ ਦੀ ਪੁਲੀਸ ਨੂੰ ਜ਼ੀਨਤ ਕਲੋਨੀ ਲਕਸ਼ਮੀ ਨਗਰ ਹੈਬੋਵਾਲ ਵਾਸੀ ਬਿਸ਼ੰਬਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਿਰਮਲ ਨਾਲ ਐਕਟਿਵਾ ਸਕੂਟਰ ’ਤੇ ਆਪਣੇ ਘਰ ਆ ਰਿਹਾ ਸੀ, ਤਾਂ ਆਈਸ਼ਰ ਪੈਟਰੋਲ ਪੰਪ ਪਾਸ ਸਾਹਮਣੇ ਤੋਂ ਇੱਕ ਟਰੈਕਟਰ ਦੇ ਅਣਪਛਾਤੇ ਚਾਲਕ ਨੇ ਆਪਣਾ ਟਰੈਕਟਰ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਚਲਾ ਕੇ ਇੱਕ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰੀ, ਜਿਸ ਨਾਲ ਮੋਟਰਸਾਈਕਲ ਚਾਲਕ ਦੀ ਉਸ ਦੇ ਐਕਟਿਵਾ ਨਾਲ ਟੱਕਰ ਹੋ ਗਈ ਤੇ ਗਏ ਉਸਦੀ ਪਤਨੀ ਸੜਕ ’ਤੇ ਡਿੱਗ ਗਈ ਅਤੇ ਟਰੈਕਟਰ ਦਾ ਪਹੀਏ ਉਸ ਦਾ ਸਿਰ ਉਪਰੋਂ ਲੰਘ ਗਿਆ ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਟਰੈਕਟਰ ਚਾਲਕ ਫਰਾਰ ਹੋ ਗਿਆ। ਥਾਣੇਦਾਰ ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ। ਇੱਕ ਹੋਰ ਮਾਮਲੇ ਬਾਰੇ ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਕੀਰਤੀ ਨਗਰ ਵਾਸੀ ਸੁਨੀਲ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਸਰਿਤਾ ਵਰਧਮਾਨ ਸਪਿੰਨਿੰਗ ਮਿੱਲ ਤੋਂ ਛੁੱਟੀ ਕਰਕੇ ਘਰ ਜਾ ਰਹੀ ਸੀ, ਤਾਂ ਵਰਧਮਾਨ ਮਿੱਲ ਦੇ ਸਾਹਮਣੇ ਕੀਰਤੀ ਨਗਰ ਵਿਖੇ ਚੰਡੀਗੜ੍ਹ ਰੋਡ ’ਤੇ ਉਸਨੂੰ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਫੇਟ ਮਾਰੀ ਅਤੇ ਫ਼ਰਾਰ ਹੋ ਗਿਆ, ਇਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣੇਦਾਰ ਜਤਿੰਦਰ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਜੋਧੇਵਾਲ ਦੀ ਪੁਲੀਸ ਨੂੰ ਮੁਹੱਲਾ ਜਸਵੰਤ ਨਗਰ ਨਿਊ ਸ਼ਿਵਪੁਰੀ ਵਾਸੀ ਅਬਰਾਰ ਹੁਸੈਨ ਨੇ ਦੱਸਿਆ ਹੈ ਕਿ ਉਹ ਆਪਣੀ ਪਤਨੀ ਸ਼ਹਿਨਾਜ਼ (40 ਸਾਲ) ਨਾਲ ਬਹਾਦਰਕੇ ਰੋਡ ਨੇੜੇ ਕਾਰਾਬਾਰਾ ਚੌਕ ਸ਼ਬਜੀ ਲੈਣ ਲਈ ਗਿਆ ਸੀ। ਉਸਨੇ ਆਪਣੀ ਐਕਟਿਵਾ ਸਬਜ਼ੀ ਮੰਡੀ ਸਾਈਡ ਖੜ੍ਹੀ ਕੀਤੀ ਅਤੇ ਉਸ ਉਪਰ ਬੈਠ ਗਿਆ ਜਦਕਿ ਸ਼ਹਿਨਾਜ਼ ਸ਼ਬਜੀ ਖਰੀਦ ਕੇ ਸੜਕ ’ਤੇ ਪੈਦਲ ਉਸ ਵੱਲ ਆ ਰਹੀ ਸੀ, ਤਾਂ ਇੱਕ ਕਰੇਨ ਦੇ ਚਾਲਕ ਗੁਰਜੀਤ ਸਿੰਘ ਵਾਸੀ ਮੁਹੱਲਾ ਐੰਓਦਸ਼ਮੇਸ਼ ਨਗਰ ਨੇੜੇ ਗਿੱਲ ਚੌਕ ਨੇ ਆਪਣੀ ਕਰੇਨ ਤੇਜ਼ ਰਫ਼ਤਾਰੀ ਨਾਲ ਸ਼ਹਿਨਾਜ ਨੂੰ ਫੇਟ ਮਾਰੀ, ਜਿਸ ਨਾਲ ਉਸ ਨੂੰ ਕਾਫੀ ਸੱਟਾਂ ਲੱਗੀਆਂ। ਇਸ ਦੌਰਾਨ ਕਰੇਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।