ਵਿਆਹ ਦੀ ਪਾਰਟੀ ਦੌਰਾਨ ਨਕਦੀ ਤੇ ਗਹਿਣਿਆਂ ਵਾਲੇ ਦੋ ਪਰਸ ਚੋਰੀ
ਫਿਰੋਜ਼ਪੁਰ ਰੋਡ ’ਤੇ ਇੱਕ ਹੋਟਲ ਵਿੱਚ ਚੱਲ ਰਹੀ ਵਿਆਹ ਦੀ ਪਾਰਟੀ ਦੌਰਾਨ ਨਵੀਂ-ਵਿਆਹੀ ਜੋੜੀ ਦੀ ਸਟੇਜ ਦੇ ਸਾਹਮਣੇ ਮੇਜ਼ ’ਤੇ ਪਏ ਨਕਦੀ ਤੇ ਗਹਿਣਿਆਂ ਵਾਲੇ ਦੋ ਪਰਸ ਚੋਰੀ ਕਰ ਲਏ। ਇਨ੍ਹਾਂ ਪਰਸਾਂ ਵਿੱਚ ਲਗਪਗ 3 ਲੱਖ ਰੁਪਏ, ਸ਼ਗਨ ਦੇ ਲਿਫਾਫੇ ਅਤੇ ਸੋਨੇ-ਚਾਂਦੀ ਦੇ ਗਹਿਣੇ ਸਨ।
ਭਾਈ ਰਣਧੀਰ ਸਿੰਘ ਨਗਰ ਵਾਸੀ ਨਰਿੰਦਰ ਕੁਮਾਰ ਦੀ ਲੜਕੀ ਵੰਦਨਾ ਦਾ ਵਿਆਹ ਪਿਛਲੇ ਮਹੀਨੇ ਕੁਲਵਿੰਦਰ ਸਿੰਘ ਨਾਲ ਸਾਈਪ੍ਰਸ ਵਿੱਚ ਹੋਇਆ ਸੀ ਤੇ ਹੁਣ ਭਾਰਤ ਪੁੱਜਣ ਮਗਰੋਂ ਵਿਆਹ ਦੀ ਪਾਰਟੀ ਕੀਤੀ ਗਈ। ਪਾਰਟੀ ਦੌਰਾਨ ਲੜਕੀ ਦੀ ਮਾਤਾ ਸੁਨੀਤਾ ਪਾਰਟੀ ਵਿੱਚ ਆਏ ਮਹਿਮਾਨਾਂ ਨੂੰ ਮਿਲ ਰਹੀ ਸੀ ਤਾਂ ਇੱਕ ਚੋਰ ਨੇ ਸੁਨੀਤਾ ਤੇ ਉਸ ਦੀ ਜਠਾਣੀ ਦਾ ਪਰਸ ਚੋਰੀ ਕਰ ਲਿਆ। ਚੋਰ ਦੇ ਦੋ ਸਾਥੀ ਹੋਟਲ ਦੇ ਬਾਹਰ ਉਸ ਦੀ ਉਡੀਕ ਕਰ ਰਹੇ ਸਨ। ਚੋਰੀ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਮੌਕੇ ’ਤੇ ਪਹੁੰਚੀ। ਸਾਰੀ ਘਟਨਾ ਹੋਟਲ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਮੁਲਜ਼ਮ ਮੇਜ਼ ’ਤੇ ਪਏ ਪਰਸ ਚੁੱਕ ਕੇ ਬਾਹਰ ਜਾਂਦਾ ਦਿਖਾਈ ਦੇ ਰਿਹਾ ਹੈ। ਜਾਂਚ ਅਧਿਕਾਰੀ ਥਾਣੇਦਾਰ ਮੋਹਨ ਲਾਲ ਨੇ ਦੱਸਿਆ ਕਿ ਪੁਲੀਸ ਨੇ ਲੜਕੀ ਦੇ ਪਿਤਾ ਨਰਿੰਦਰ ਕੁਮਾਰ ਦੇ ਬਿਆਨ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।