‘ਆਪ’ ਦੀ ਮਹਿਲਾ ਪੰਚ ਸਣੇ ਦੋ ਆਗੂ ਕਾਂਗਰਸ ਵਿੱਚ ਸ਼ਾਮਲ
ਵਿਧਾਨ ਸਭਾ ਹਲਕਾ ਜਗਰਾਉਂ ’ਚ ਆਮ ਆਦਮੀ ਪਾਰਟੀ ਦੀ ਮਹਿਲਾ ਪੰਚ ਤੇ ਇੱਕ ਹੋਰ ਆਜ਼ਾਦ ਪੰਚ ਨੇ ਅੱਜ ਕਾਂਗਰਸ ਦਾ ਹੱਥ ਫੜ ਲਿਆ। ਇਸ ਤੋਂ ਇਲਾਵਾ ਇਕ ਆਜ਼ਾਦ ਪੰਚ ਵੀ ਅੱਜ ਕਾਂਗਰਸ ਵਿੱਚ ਸ਼ਾਮਲ ਹੋਇਆ। ਇਹ ਦੋਵੇਂ ਪੰਚ ਪਿੰਡ ਗਾਲਿਬ ਖੁਰਦ ਨਾਲ ਸਬੰਧਤ ਹਨ। ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਅਤੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਨਵਦੀਪ ਗਰੇਵਾਲ ਦੀ ਮੌਜੂਦਗੀ ਵਿੱਚ ਦੋਹਾਂ ਪੰਚਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਗਾਲਿਬ ਖੁਰ ਦੀ ਕਰਮਜੀਤ ਕੌਰ ਆਪਣੇ ਪਤੀ ਹਰਜੀਤ ਸਿੰਘ ਨਾਲ ਅੱਜ ‘ਆਪ’ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਇਸੇ ਤਰ੍ਹਾਂ ਜਥੇਦਾਰ ਕੰਵਲਜੀਤ ਸਿੰਘ ਵੀ ਕਾਂਗਰਸ ਵਿੱਚ ਆਏ ਜਿਹੜੇ ਆਜ਼ਾਦ ਤੌਰ ’ਤੇ ਮੈਂਬਰ ਪੰਚਾਇਤ ਦੀ ਚੋਣ ਜਿੱਤੇ ਸਨ।
ਸਾਬਕਾ ਵਿਧਾਇਕ ਜੱਗਾ ਹਿੱਸੋਵਾਲ ਤੇ ਸੋਨੀ ਗਾਲਿਬ ਨੇ ਕਿਹਾ ਕਿ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਸੱਤਾਧਾਰੀ ਧਿਰ ਨਾਲ ਸਬੰਧਤ ਕੋਈ ਵੀ ਪੰਚ-ਸਰਪੰਚ, ਅਹੁਦੇਦਾਰ ਤੇ ਵਰਕਰ ਪਾਰਟੀ ਛੱਡਣ ਲੱਗ ਜਾਣ ਤਾਂ ਇਹ ਉਸ ਪਾਰਟੀ ਦੀ ਬੇੜੀ ਡੁੱਬਣ ਦੀ ਨਿਸ਼ਾਨੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਢੇ ਤਿੰਨ ਸਾਲ ਪਹਿਲਾਂ ਕੀਤੀ ਗਲਤੀ ਕਰਕੇ ਲੋਕ ਪਛਤਾ ਰਹੇ ਹਨ।