ਸੜਕ ਹਾਦਸੇ ’ਚ ਬਜ਼ੁਰਗ ਸਮੇਤ ਦੋ ਦੀ ਮੌਤ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਜੂਨ
ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਬਜ਼ੁਰਗ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਹੈ ਜਦਕਿ ਪੁਲੀਸ ਵੱਲੋਂ ਅਣਪਛਾਤੇ ਵਾਹਨ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਕਨੇਚ ਦੇ ਪੁੱਲ ਉਪਰ ਨੈਸ਼ਨਲ ਹਾਈਵੇ ’ਤੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ। ਮੁਹੱਲਾ ਹਰਬੰਸਪੁਰਾ ਗਊਸ਼ਾਲਾ ਰੋਡ ਵਾਸੀ ਵਿਕਾਸ ਆਪਣੀ ਕੰਪਨੀ ਦੇ ਕੰਮਕਾਰ ਦੇ ਸਬੰਧੀ ਵਿੱਚ ਕੰਪਨੀ ਦੇ ਮੋਟਰਸਾਈਕਲ ’ਤੇ ਦੋਰਾਹਾ ਵੱਲ ਜਾ ਰਿਹਾ ਸੀ ਤਾਂ ਪਿੰਡ ਕਨੇਚ ਦੇ ਪੁਲ ਉਪਰ ਨੈਸ਼ਨਲ ਹਾਈਵੇ ’ਤੇ ਕਿਸੇ ਅਣਪਛਾਤੀ ਗੱਡੀ ਦੇ ਚਾਲਕ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਹ ਹੇਠਾਂ ਡਿੱਗ ਪਿਆ ਤੇ ਸਖ਼ਤ ਜ਼ਖ਼ਮੀ ਹੋ ਗਿਆ। ਇਸ ਤੋਂ ਪਹਿਲਾਂ ਕਿ ਉਸ ਨੂੰ ਇਲਾਜ਼ ਲਈ ਹਸਪਤਾਲ ਭੇਜਿਆ ਜਾਂਦਾ ਉਸਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਕਵਿਤਾ ਦੀ ਸ਼ਿਕਾਇਤ ’ਤੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਥਾਣਾ ਕੂੰਮਕਲਾਂ ਦੇ ਇਲਾਕੇ ਵਿੱਚ ਸਥਿਤ ਪਿੰਡ ਕਟਾਣੀ ਕਲਾਂ ਕੋਲ ਐਕਟਿਵਾ ਸਵਾਰ ਬਜ਼ੁਰਗ ਦੀ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੌਤ ਹੋ ਗਈ। ਪਿੰਡ ਛੰਦੜਾਂ ਵਾਸੀ ਅਮਰ ਸਿੰਘ (82) ਸੋਖੀ ਧਰਮ ਕੰਡਾ ਕਟਾਣੀ ਕਲਾਂ ਪੁੱਜਿਆ ਤਾਂ ਅਣਪਛਾਤੇ ਵਾਹਨ ਚਾਲਕ ਨੇ ਐਕਟਿਵਾ ’ਚ ਟੱਕਰ ਮਾਰ ਦਿੱਤੀ। ਗੰਭੀਰ ਹਾਲਤ ਵਿੱਚ ਅਮਰ ਸਿੰਘ ਨੂੰ ਡੀਐੱਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਥਾਣੇਦਾਰ ਸਵਰਨ ਚੰਦ ਨੇ ਦੱਸਿਆ ਕਿ ਮ੍ਰਿਤਕ ਦੇ ਪੋਤੇ ਕਮਲਜੀਤ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।