ਫਰਜ਼ੀ ਡੋਪ ਟੈਸਟ ਕਰਨ ਦੇ ਦੋਸ਼ ਹੇਠ ਦੋ ਮੁਲਾਜ਼ਮ ਗ੍ਰਿਫ਼ਤਾਰ
ਇਥੇ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਸਿਵਲ ਹਸਪਤਾਲ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੁਲਾਜ਼ਮ ਹਜ਼ਾਰਾਂ ਰੁਪਏ ਲੈ ਕੇ ਡੋਪ ਟੈਸਟ ਦੀਆਂ ਫਰਜ਼ੀ ਰਿਪੋਰਟਾਂ ਤਿਆਰ ਕਰ ਦਿੰਦੇ ਸਨ, ਇਸ ਮਾਮਲੇ ’ਚ ਹਸਪਤਾਲ ਦਾ ਇੱਕ ਲੈਬ ਟਕਨੀਸ਼ੀਅਨ ਵੀ ਸ਼ਾਮਲ ਸੀ। ਮੁਲਜ਼ਮਾਂ ਦੀ ਪਛਾਣ ਰਾਮ ਕੁਮਾਰ ਤੇ ਅਵਤਾਰ ਸਿੰਘ ਵੱਜੋਂ ਹੋਈ ਹੈ, ਜਿਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਮੈਡੀਕਲ ਅਫ਼ਸਰ ਦੀ ਫਰਜ਼ੀ ਮੋਹਰ ਵੀ ਬਰਾਮਦ ਹੋਈ ਹੈ। ਪੁਲੀਸ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਲਿਆ ਹੈ। ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਦੇ ਦੋਵੇਂ ਮੁਲਾਜ਼ਮ ਡੋਪ ਟੈਸਟ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਫਸਾ ਲੈਂਦੇ ਸਨ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਾਰ ਵਿੱਚ ਹੀ ਸਾਰਾ ਸਾਮਾਨ ਰੱਖਿਆ ਹੋਇਆ ਸੀ, ਜੋ ਕਿ ਲੋਕਾਂ ਦੇ ਫਰਜ਼ੀ ਡੋਪ ਟੈਸਟ ਕਰਕੇ ਰਿਪੋਰਟ ਬਣਾ ਦਿੰਦੇ ਸਨ। ਪੁਲੀਸ ਨੇ ਪਿਛਲੇ ਸਮੇਂ ਦੌਰਾਨ ਕਈ ਡੋਪ ਟੈਸਟਾਂ ਦੀ ਸਿਵਲ ਹਸਪਤਾਲ ਤੋਂ ਵੈਰੀਫਿਕੇਸ਼ ਕਰਵਾਈ ਸੀ, ਉਦੋਂ ਪਤਾ ਲੱਗਿਆ ਕਿ ਜਿਸ ਡਾਕਟਰ ਦੀ ਮੋਹਰ ਲੱਗੀ ਹੈ, ਉਸ ਨੇ ਇਹ ਟੈਸਟ ਕੀਤੇ ਨਹੀਂ, ਉਸ ਦੇ ਹਸਤਾਖ਼ਰ ਵੀ ਜਾਅਲੀ ਸਨ। ਜਿਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ।
ਉਧਰ, ਸਿਵਲ ਹਸਪਤਾਲ ਦੇ ਐੱਸਐੱਮਓ ਅਖਿਲ ਸਰੀਨ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਸਿਵਲ ਹਸਪਤਾਲ ਵਿੱਚ ਆਉਣ ਅਤੇ ਦਲਾਲਾਂ ਦੇ ਚੱਕਰ ਵਿੱਚ ਨਾ ਫਸਣ। ਹਸਪਤਾਲ ਵਿੱਚ ਡੋਪ ਟੈਸਟ ਦੇ ਲਈ ਨਵਾਂ ਸਿਸਟਮ ਸ਼ੁਰੂ ਕੀਤਾ ਹੈ, ਜਿਸ ਦੇ ਤਹਿਤ ਇੱਕ ਘੰਟੇ ਵਿੱਚ ਹੀ ਡੋਪ ਟੈਸਟ ਹੋ ਜਾਏਗਾ।