ਪੀ ਏ ਯੂ ਵਿੱਚ ਡਾਕ ਟਿਕਟਾਂ ਦੀ ਦੋ ਰੋਜ਼ਾ ਪ੍ਰਦਰਸ਼ਨੀ ਸ਼ੁਰੂ
ਡਾ. ਮਨਮੋਹਨ ਸਿੰਘ ਆਡੀਟੋਰੀਅਮ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਡਾਕ ਟਿਕਟਾਂ ਦੇ ਇਤਿਹਾਸ, ਇਕੱਤਰ ਕਰਨ ਦੇ ਰੁਝਾਨ ਅਤੇ ਵਿਦਿਆਰਥੀਆਂ ਨੂੰ ਇਸ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਦੋ ਰੋਜ਼ਾ ਪ੍ਰਦਰਸ਼ਨੀ ਦੀ ਸ਼ੁਰੂਆਤ ਹੋਈ। ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਜ਼ਿਲ੍ਹਾ ਪੱਧਰ ’ਤੇ ਸਤਲੁਜ ਪੈਕਸ 2025 ਸਿਰਲੇਖ ਹੇਠ ਸ਼ੁਰੂ ਹੋਈ ਇਹ ਪ੍ਰਦਰਸ਼ਨੀ ਭਾਰਤ ਅਤੇ ਸੰਸਾਰ ਪੱਧਰ ’ਤੇ ਦੁਰਲਭ ਡਾਕ ਟਿਕਟਾਂ ਨੂੰ ਪ੍ਰਦਰਸ਼ਿਤ ਕਰ ਰਹੀ ਹੈ। ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਬਹੁਤ ਸਾਰੇ ਕਲਾ, ਜੰਗਲੀ ਜੀਵਨ ਅਤੇ ਸੱਭਿਆਚਾਰਕ ਵਿਰਾਸਤ ਨਾਲ ਸਬੰਧਤ ਸਮਾਰਕਾਂ ਨੂੰ ਪ੍ਰਦਰਸ਼ਿਤ ਕਰਦੀਆਂ ਡਾਕ ਟਿਕਟਾਂ ਦੇਖਣ ਲਈ ਵੱਡੀ ਗਿਣਤੀ ’ਚ ਲੋਕ ਪਹੁੰਚ ਰਹੇ ਹਨ। ਇਸ ਮੌਕੇ ਵਿਸ਼ੇਸ਼ ਕਵਰ ਨੂੰ ਜਾਰੀ ਕੀਤਾ ਗਿਆ ਜਿਸ ਵਿਚ ਲੁਧਿਆਣਾ ਦਾ ਘੰਟਾ ਘਰ, ਪੀ ਏ ਯੂ. ਦਾ ਗੋਲਡਨ ਜੁਬਲੀ ਗੇਟ ਅਤੇ ਪੇਂਡੂ ਜੀਵਨ ਦੇ ਸਮਾਜਿਕ ਇਤਿਹਾਸ ਦਾ ਅਜਾਇਬ ਘਰ ਤਿੰਨ ਪ੍ਰਮੁੱਖ ਸਤੰਭਾਂ ਵਜੋਂ ਪੇਸ਼ ਕੀਤੇ ਗਏ।
ਡਾ. ਗੋਸਲ ਨੇ ਡਾਕ ਟਿਕਟਾਂ ਦੇ ਮਹੱਤਵ ਬਾਰੇ ਹਾਜ਼ਰ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਡਾਕ ਸੇਵਾਵਾਂ ਦਾ ਆਰੰਭ ਲੋਕਾਂ ਦੀਆਂ ਭਾਵਨਾਵਾਂ ਨੂੰ ਸੰਚਾਰਿਤ ਕਰਨ ਲਈ ਹੋਇਆ ਪਰ ਬਹੁਤ ਸਾਰੇ ਲੋਕਾਂ ਨੇ ਆਪਣੇ ਪਿਆਰਿਆਂ ਅਤੇ ਸੁਨੇਹਿਆਂ ਦੀ ਨਿਸ਼ਾਨੀ ਵਜੋਂ ਡਾਕ ਟਿਕਟਾਂ ਨੂੰ ਇਕੱਤਰ ਕਰਨਾ ਆਰੰਭ ਕੀਤਾ। ਮੌਜੂਦਾ ਦੌਰ ਵਿਚ ਬਦਲਦੀ ਤਕਨਾਲੋਜੀ ਅਤੇ ਤਕਨੀਕ ਦੇ ਬਾਵਜੂਦ ਇਹ ਰੁਝਾਨ ਅੱਜ ਤੱਕ ਨੌਜਵਾਨਾਂ ਵਿਚ ਵੀ ਕਾਫੀ ਪ੍ਰਚਲਿਤ ਹੈ। ਡਾ. ਗੋਸਲ ਨੇ ਜ਼ਿਲ੍ਹਾ ਡਾਕ ਪ੍ਰਸ਼ਾਸਨ ਵੱਲੋਂ ਕੀਤੀ ਇਸ ਪਹਿਲਕਦਮੀ ਦਾ ਸਵਾਗਤ ਕੀਤਾ।
ਲੁਧਿਆਣਾ ਡਵੀਜ਼ਨ ਦੇ ਡਾਕਖਾਨਿਆਂ ਦੇ ਸੀਨੀਅਰ ਸੁਪਰਡੈਂਟ ਬਲਬੀਰ ਸਿੰਘ ਨੇ ਕਿਹਾ ਕਿ ਇਹ ਪਹਿਲਕਦਮੀ ਲੋਕਾਂ ਨੂੰ ਟਿਕਟਾਂ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੇਸ਼ਕੀਮਤੀ ਅਤੇ ਪੁਰਾਣੀਆਂ ਟਿਕਟਾਂ ਅਕਸਰ ਅਣਗੌਲੀਆਂ ਰਹਿ ਜਾਂਦੀਆਂ ਹਨ ਪਰ ਉਨ੍ਹਾਂ ਵਿਚ ਇਤਿਹਾਸ ਦਾ ਬੜਾ ਅਹਿਮ ਦਸਤਾਵੇਜ਼ ਲੁਕਿਆ ਹੁੰਦਾ ਹੈ। ਬਲਬੀਰ ਸਿੰਘ ਨੇ ਟਿਕਟ ਸੰਗ੍ਰਹਿ ਕਰਤਾਵਾਂ ਦੀ ਲਗਨ ਅਤੇ ਸਿਦਕ ਦੀ ਸ਼ਲਾਘਾ ਕਰਦਿਆਂ ਹੋਰ ਲੋਕਾਂ ਨੂੰ ਵੀ ਇਸ ਸ਼ੌਕ ਲਈ ਪ੍ਰੇਰਿਤ ਕੀਤਾ।
ਲੁਧਿਆਣਾ ਟਿਕਟ ਸੰਗ੍ਰਹਿ ਕਲੱਬ ਦੇ ਪ੍ਰਧਾਨ ਯਸ਼ਪਾਲ ਬਾਂਗੀਆ ਨੇ ਡਾਕ ਵਿਭਾਗ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਹੋਰ ਲੋਕ ਟਿਕਟਾਂ ਇਕੱਤਰ ਕਰਨ ਦੇ ਸ਼ੌਕ ਨਾਲ ਜੁੜਨਗੇ। ਇਸ ਪ੍ਰਦਰਸ਼ਨੀ ਦੇ ਹਿੱਸੇ ਵਜੋਂ ਸਕੂਲੀ ਬੱਚਿਆਂ ਵਿੱਚ ਲੇਖ ਲਿਖਣ ਅਤੇ ਡਾਕ ਟਿਕਟਾਂ ਦੇ ਡਿਜ਼ਾਇਨ ਬਣਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੌਕੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਅਪਰ ਨਿਰਦੇਸ਼ਕ ਸੰਚਾਰ ਡਾ. ਤਰਸੇਮ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਡਾਕ ਪ੍ਰਸ਼ਾਸਨ ਦੇ ਮਨਮੱਤੇ ਅਹੁਦੇਦਾਰ ਸ਼ਾਮਲ ਸਨ। ਅਖੀਰ ’ਚ ਪ੍ਰਸ਼ਾਂਤ ਸਿੰਗਲਾ ਨੇ ਸਭ ਦਾ ਧੰਨਵਾਦ ਕੀਤਾ।
