ਠੱਗੀ ਦੇ ਦੋਸ਼ ਹੇਠ ਦੋ ਕਾਬੂ
ਇੱਥੇ ਪੰਜਾਬ ਨੈਸ਼ਨਲ ਬੇਂਕ ਬ੍ਰਾਂਚ ਅੱਡਾ ਰਾਏਕੋਟ ਵਿੱਚ ਬੈਂਕ ਮੁਲਾਜ਼ਮਾਂ ਤੇ ਸਕਿਓਰਿਟੀ ਅਮਲੇ ਨੇ ਇੱਕ ਬਜ਼ੁਰਗ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰ ਰਹੇ ਦੋ ਠੱਗਾਂ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਵਿੱਚ ਦਿਆਲ ਸਿੰਘ (75) ਵਾਸੀ ਕੋਠੇ ਬੱਗੂ ਪੈਸੇ ਕਢਵਾਉਣ ਆਇਆ ਸੀ। ਉਸ ਨੇ ਫਾਰਮ ਭਰਵਾ ਕੇ ਬੈਂਕ ਦੇ ਖ਼ਜ਼ਾਨਚੀ ਤੋਂ 50 ਹਜ਼ਾਰ ਰੁਪਏ ਲਏ। ਖ਼ਜ਼ਾਨਚੀ ਨੇ 500 ਦੇ ਨੋਟਾਂ ਦੇ 30 ਹਜ਼ਾਰ ਅਤੇ 100 ਰੁਪਏ ਦੇ ਨੋਟਾਂ ਦੇ 20 ਹਜ਼ਾਰ ਰੁਪਏ ਦੇ ਦਿੱਤੇ। ਇਸ ਮਗਰੋਂ ਮੁਲਜ਼ਮਾਂ ਨੇ ਬਜ਼ੁਰਗ ਨੂੰ 100-100 ਦੇ ਨੌਟਾਂ ਬਦਲੇ 500 ਦੇ ਨੋਟ ਦੇਣ ਦੀ ਗੱਲ ਆਖੀ ਜਿਸ ਮਗਰੋਂ ਦਿਆਲ ਸਿੰਘ ਨੂੰ ਉਨ੍ਹਾਂ ਨੂੰ 100 ਵਾਲੇ ਨੌਟਾਂ ਦੀ ਗੱਥੀ ਫੜਾ ਦਿੱਤੀ। ਇਹ ਵੇਖ ਕੇ ਖ਼ਜ਼ਾਨਚੀ ਤੇ ਸਿਕਿਓਰਿਟੀ ਗਾਰਡ ਨੇ ਦੋਵਾਂ ਨੂੰ ਰੋਕ ਲਿਆ ਤੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਦੇ ਆਉਣ ਮਗਰੋਂ ਜਦੋਂ ਦਿਆਲ ਸਿੰਘ ਦੇ ਝੋਲੇ ਵਿੱਚ ਪਏ ਪੈਸਿਆਂ ਦੀ ਗਿਣਤੀ ਕੀਤੀ ਗਈ ਤਾਂ 9 ਹਜ਼ਾਰ ਰੁਪਏ ਘੱਟ ਨਿਕਲੇ ਜੋ ਦੋਵੇਂ ਠੱਗਾਂ ਕੋਲੋਂ ਮਿਲੇ। ਦੋਵੇਂ ਮੁਲਜ਼ਮ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਹਨ। ਪੁਲੀਸ ਦੋਵਾਂ ਨੂੰ ਕਾਬੂ ਕਰ ਕੇ ਥਾਣੇ ਲੈ ਗਈ ਹੈ।