ਵਿਆਹ ’ਚ ਗੋਲੀਆਂ ਚਲਾਉਣ ਵਾਲਿਆਂ ਚੋਂ ਦੋ ਕਾਬੂ
ਥਾਣਾ ਸੀ.ਆਈ.ਏ ਦੀ ਟੀਮ ਨੇ ਗਾਲਿਬ ਕਲਾਂ ਪਿੰਡ ਵਿੱਚ ਵਿਆਹ ’ਚ ਗੋਲੀਆਂ ਚਲਾਉਣ ਵਾਲੇ 7 ਮੁਲਜ਼ਮਾਂ ਵਿੱਚੋਂ ਦੋ ਨੂੰ ਅੱਜ ਨਾਜ਼ਾਇਜ ਪਿਸਟਲਾਂ ਸਮੇਤ ਹਿਰਾਸਤ ਵਿਚ ਲੈ ਲਿਆ ਹੈ। ਡੀ.ਐੱਸ.ਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ 24 ਸਤੰਬਰ ਦੀ ਦੇਰ ਰਾਤ ਨੂੰ ਗਾਲਿਬ ਕਲਾਂ ਦੀ ਧਰਮਸ਼ਾਲਾ ਵਿੱਚ ਕੁੱਝ ਸ਼ਰਾਰਤੀ ਅਤੇ ਸਮਾਜ਼ ਵਿਰੋਧੀ ਅਨਸਰਾਂ ਨੇ ਹਵਾਈ ਫਾਇਰ ਕੀਤੇ ਸਨ ਜਿਸ ਕਾਰਨ ਪਿੰਡ ਵਿੱਚ ਦਹਿਸ਼ਤ ਫੈਲ ਗਈ ਸੀ। ਸੂਚਨਾਂ ਮਿਲਣ ਉਪਰੰਤ ਮੌਕੇ ਤੇ ਪੁਲੀਸ ਪਹੁੰਚੀ ਅਤੇ ਪੁਲੀਸ ਦੀਆਂ ਗੱਡੀਆਂ ਦੀ ਪਿੰਡ ਆਉਣ ਦੀ ਭਿਣਕ ਲੱਗਣ ’ਤੇ ਫਾਇਰਿੰਗ ਕਰਨ ਵਾਲੇ ਅਨਸਰ ਆਪਣੀਆਂ ਗੱਡੀਆਂ ਛੱਡ ਕੇ ਭੱਜ ਗਏ ਸਨ। ਪੁਲੀਸ ਨੇ ਗੱਡੀਆਂ ਦੇ ਪਹੀਏ ਉਤਾਰ ਲਏ ਤੇ ਗਲਤ ਅਨਸਰਾਂ ਦੀ ਭਾਲ ਆਰੰਭੀ। ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਨੇ ਇਸ ਕੇਸ ਦੀ ਜ਼ਿੰਮੇਵਾਰੀ ਸੀ.ਆਈ.ਏ ਨੂੰ ਸੌਂਪੀ ਸੀ। ਡੀ.ਐੱਸ.ਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਵਿੱਚੋਂ ਦੋ ਅਨਸਰਾਂ ਜਿਨ੍ਹਾਂ ਵਿੱਚ ਸੋਨੂ ਉਰਫ ਕੀਨੀਆਂ (ਜਗਰਾਉਂ) ਤੇ ਦਵਿੰਦਰ ਉਰਫ ਬਾਬਾ ਵਾਸੀ ਕਾਲੇਕੇ (ਮੋਗਾ) ਨੂੰ ਖੰਡ ਮਿੱਲ ਕੋਲੋਂ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ .32 ਬੋਰ ਅਤੇ ਦੂਸਰਾ 315 ਬੋਰ ਗੈਰ ਲਾਇਸੰਸੀ ਪਿਸਟਲ ਮਿਲੇ ਹਨ। ਦੋਵਾਂ ਤੋਂ ਨਾਜਾਇਜ਼ ਹਥਿਆਰਾਂ ਅਤੇ ਬਾਕੀ ਦੇ ਸਾਥੀਆਂ ਜਿਹੜੇ ਉਸ ਰਾਤ ਉਨ੍ਹਾਂ ਦੇ ਨਾਲ ਸਨ ਬਾਰੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।