ਕਾਲਜ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ
ਇਥੇ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਵਿੱਚ ਕਾਲਜ ਦੀ ਗੁਰਮਤਿ ਸਭਾ ਵੱਲੋਂ ਦਸਤਾਰ ਦੇ ਸਤਿਕਾਰ ਨੂੰ ਪੁਨਰ ਸੁਰਜੀਤ ਕਰਨ ਹਿੱਤ ਦਸਤਾਰ ਸਜਾਓ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵੱਡੀ ਗਿਣਤੀ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਰੰਗ-ਬਰੰਗੀਆ ਭਿੰਨ-ਭਿੰਨ ਵੰਨਗੀਆ ਤੇ ਪੋਚਵੀਆਂ ਪੱਗਾਂ ਬੰਨ੍ਹੇ ਵਿਦਿਆਰਥੀਆਂ ਦੀ ਦਿੱਖ ਦੇਖਦਿਆਂ ਹੀ ਬਣਦੀ ਸੀ। ਇਸ ਦਸਤਾਰ ਸਜਾਓ ਮੁਕਾਬਲੇ ਦੇ ਸਬੰਧ ਵਿੱਚ ਕਾਲਜ ਦੇ ਪ੍ਰਿੰਸੀਪਲ ਪ੍ਰੋ. ਰਾਜਿੰਦਰ ਕੌਰ ਮਲਹੋਤਰਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਿਦਿਆਰਥੀਆਂ ਨੂੰ ਅਕਾਦਮਿਕ ਤੇ ਨੈਤਿਕ ਸਿੱਖਿਆ ਦੇਣ ਦੇ ਨਾਲ-ਨਾਲ ਸੁਨਿਹਰੀ ਸਿੱਖ ਸਿਧਾਂਤਾ ਤੋਂ ਜਾਣੂ ਕਰਵਾਉਣ ਲਈ ਵੀ ਪ੍ਰਤੀਬੱਧ ਹੈ। ਇਸੇ ਉਦੇਸ਼ ਦੀ ਪੂਰਤੀ ਹਿੱਤ ਹੀ ਕਾਲਜ ਵੱਲੋਂ ਹਰ ਵਰ੍ਹੇ ਦਸਤਾਰ ਸਜਾਓ ਮੁਕਾਬਲੇ ਕਰਵਾਏ ਜਾਂਦੇ ਹਨ। ਵਿਦਿਆਰਥੀਆਂ ਨੇ ਇਸ ਦਸਤਾਰ ਸਜਾਓ ਮੁਕਾਬਲੇ ਵਿੱਚ ਉਤਸ਼ਾਹ ਪੂਰਵਕ ਹਿੱਸਾ ਲਿਆ। ਗੁਰਮਤਿ ਸਭਾ ਦੇ ਪ੍ਰੋ. ਇੰਚਾਰਜ ਪ੍ਰੋ. ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਦਸਤਾਰ ਦੇ ਗੌਰਵਮਈ ਇਤਿਹਾਸ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਵਰਗ ਵਿੱਚ ਪਤਿਤਪੁਣੇ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਅਜਿਹੀਆਂ ਪ੍ਰਤੀਯੋਗਤਾਵਾਂ ਬੇਹੱਦ ਜ਼ਰੂਰੀ ਹਨ। ਇਸ ਮੌਕੇ ਦਸਤਾਰ ਸਜਾਉਣ ਮੁਕਾਬਲੇ ਕਰਵਾਉਣ ਵਾਲੀ ਟੀਮ ਦੇ ਮੈਂਬਰ ਡਾ. ਦਲੀਪ ਸਿੰਘ, ਡਾ. ਗੁਰਦਾਸ ਸਿੰਘ, ਡਾ. ਪਰਮਜੀਤ ਸਿੰਘ, ਡਾ. ਗੁਰਪ੍ਰੀਤ ਕੌਰ, ਪ੍ਰੋ. ਹਰਸਿਮਰਨ ਸਿੰਘ, ਪ੍ਰੋ. ਤਲਵਿੰਦਰ ਕੌਰ, ਡਾ. ਭੁਪਿੰਦਰ ਜੀਤ ਕੌਰ ਅਤੇ ਡਾ. ਅੰਮ੍ਰਿਤਪਾਲ ਕੌਰ ਹਾਜ਼ਰ ਰਹੇ। ਪ੍ਰੋ. ਜਸਪ੍ਰੀਤ ਕੌਰ, ਡਾ. ਪਰਮਜੀਤ ਸਿੰਘ ਅਤੇ ਡਾ. ਚਰਨਜੀਤ ਸਿੰਘ ਨੇ ਦਸਤਾਰ ਸਜਾਓ ਮੁਕਾਬਲੇ ਵਿਚ ਬਤੌਰ ਜੱਜ ਅਹਿਮ ਭੂਮਿਕਾ ਨਿਭਾਈ।
