ਟਰੱਕ ਅਪਰੇਟਰਾਂ ਨੇ ਕਾਲੀ ਦੀਵਾਲੀ ਮਨਾਈ
ਕਣਕ ਦੀ ਢੋਆ-ਢੁਆਈ ਦੇ 1.40 ਕਰੋੜ ਦੀ ਅਦਾਇਗੀ ਨਾ ਹੋਣ ਕਾਰਨ ਨਿਰਾਸ਼
Advertisement
ਦਿ ਟਰੱਕ ਅਪਰੇਟਰ ਯੂਨੀਅਨ ਮਾਛੀਵਾੜਾ ਨਾਲ ਜੁੜੇ ਟਰੱਕ ਅਪਰੇਟਰਾਂ ਵੱਲੋਂ ਕਾਲੀ ਦੀਵਾਲੀ ਮਨਾਈ ਗਈ। ਟਰੱਕ ਅਪਰੇਟਰਾਂ ਨੇ ਅਨਾਜ ਮੰਡੀ ਦੇ ਗੇਟ ਨੇੜੇ ਰੋਸ ਮੁਜ਼ਾਹਰਾ ਵੀ ਕੀਤਾ। ਇਸ ਮੌਕੇ ਟਰੱਕ ਯੂਨੀਅਨ ਦੇ ਆਗੂ ਸੁਖਵੀਰ ਸਿੰਘ ਕੰਗ, ਕ੍ਰਿਸ਼ਨ ਲਾਲ ਸਚਦੇਵਾ, ਜਸਵੀਰ ਸਿੰਘ ਟਾਂਡਾ ਕਾਲੀਆ, ਮਨੋਜ ਕੁਮਾਰ ਸਚਦੇਵਾ, ਅਮਨਦੀਪ ਸਿੰਘ ਰਾਣਵਾਂ ਅਤੇ ਕਿਰਪਾਲ ਸਿੰਘ ਸੰਧਰ ਨੇ ਦੱਸਿਆ ਕਿ ਪਿਛਲੇ ਕਣਕ ਦੇ ਸੀਜਨ ਵਿੱਚ ਸੈਂਕੜੇ ਟਰੱਕ ਚਾਲਕਾਂ ਵੱਲੋਂ ਅਨਾਜ ਮੰਡੀ ਵਿੱਚੋਂ ਠੇਕੇਦਾਰ ਰਾਹੀਂ ਢੋਆ-ਢੁਆਈ ਦਾ ਕੰਮ ਕੀਤਾ ਗਿਆ ਸੀ। ਯੂਨੀਅਨ ਨਾਲ ਜੁੜੇ ਟਰੱਕ ਅਪ੍ਰੇਟਰਾਂ ਦੀ ਕਰੀਬ 1 ਕਰੋੜ 40 ਲੱਖ ਰੁਪਏ ਦੀ ਬਕਾਇਆ ਰਾਸ਼ੀ ਠੇਕੇਦਾਰ ਤੋਂ ਨਹੀਂ ਮਿਲੀ ਜਿਸ ਕਾਰਨ ਉਹ ਮਾਯੂਸ ਹਨ। ਟਰੱਕ ਅਪਰੇਟਰਾਂ ਨੇ ਦੱਸਿਆ ਕਿ ਅਦਾਇਗੀ ਨਾ ਮਿਲਣ ਕਾਰਨ ਇਸ ਵਾਰ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਠੇਕੇਦਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਇਹ ਅਦਾਇਗੀ ਨਹੀਂ ਹੋਈ। ਟਰੱਕ ਅਪਰੇਟਰਾਂ ਵੱਲੋਂ ਅਦਾਇਗੀ ਸਬੰਧਤ ਕਈ ਵਾਰ ਠੇਕੇਦਾਰ ਦੇ ਪਰਿਵਾਰ ਅਤੇ ਹਿੱਸੇਦਾਰ ਨਾਲ ਰਾਬਤਾ ਕਾਇਮ ਕੀਤਾ ਗਿਆ ਕਿ ਉਨ੍ਹਾਂ ਦੀ ਅਦਾਇਗੀ ਕਰ ਦਿੱਤੀ ਜਾਵੇ ਪਰ ਮਸਲਾ ਹੱਲ ਨਾ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਨੂੰ ਵੀ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਉਨ੍ਹਾਂ ਨੂੰ ਅਜੇ ਤੱਕ ਅਦਾਇਗੀ ਨਹੀਂ ਹੋਈ। ਟਰੱਕ ਅਪਰੇਟਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਅਦਾਇਗੀ ਤੁਰੰਤ ਕਰਵਾਈ ਜਾਵੇ। ਇਸ ਮੌਕੇ ਸੁਖਵਿੰਦਰ ਸਿੰਘ ਵਿਰਕ, ਮਨਪ੍ਰੀਤ ਸਿੰਘ ਗੋਗੀਆ, ਸੁਰਿੰਦਰ ਕੁਮਾਰ, ਕਰਨ ਕੁਮਾਰ, ਧਰਮਵੀਰ, ਅਵਤਾਰ ਸਿੰਘ, ਸਤਨਾਮ ਸਿੰਘ ਢੀਂਡਸਾ, ਸ਼ਰਨਜੀਤ ਸਿੰਘ ਸ਼ੇਰਗਿੱਲ ਅਤੇ ਮਨੋਹਰ ਲਾਲ ਆਦਿ ਵੀ ਮੌਜੂਦ ਸਨ।
Advertisement
Advertisement