ਟਰੱਕ ਚਾਲਕ ਚਾਰ ਕਿੱਲੋ ਅਫ਼ੀਮ ਸਣੇ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਕਤੂਬਰ
ਟਰੱਕ ਡਰਾਈਵਰੀ ਦੀ ਆੜ ਵਿੱਚ ਸ਼ਹਿਰ ਵਿੱਚ ਦੂਜੇ ਰਾਜਾਂ ਤੋਂ ਅਫੀਮ ਲਿਆ ਕੇ ਸਪਲਾਈ ਕਰਨ ਵਾਲੇ ਇੱਕ ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਬ੍ਰਾਂਚ ਦੀ ਟੀਮ ਨੇ ਮੁਲਜ਼ਮ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਵਿਸ਼ਵਕਰਮਾ ਪਾਰਕ ਨੇੜੇ ਸੰਧੂ ਚਿਕਨ ਕੋਲ ਆਪਣਾ ਟਰੱਕ ਖੜ੍ਹਾ ਕਰਕੇ ਕਿਸੇ ਨੂੰ ਅਫੀਮ ਦੀ ਸਪਲਾਈ ਕਰਨ ਲਈ ਬੈਠਾ ਸੀ। ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਚਾਰ ਕਿਲੋ ਅਫੀਮ ਬਰਾਮਦ ਕੀਤੀ। ਇਸ ਮਾਮਲੇ ਵਿੱਚ ਪੁਲੀਸ ਨੇ ਡੇਹਲੋਂ ਦੇ ਪਿੰਡ ਸ਼ੰਕਰ ਦੇ ਰਹਿਣ ਵਾਲੇ ਰੁਪਿੰਦਰ ਸਿੰਘ ਉਰਫ਼ ਬਿੱਟਾ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਥਾਣਾ ਡਿਵੀਜ਼ਨ ਛੇ ਵਿੱਚ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਮੁਲਜ਼ਮ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।
ਸਪੈਸ਼ਲ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੈ ਅਤੇ ਟਰੱਕ ਚਲਾਉਣ ਦੀ ਆੜ ਵਿੱਚ ਦੂਜੇ ਰਾਜਾਂ ਤੋਂ ਅਫੀਮ ਲਿਆ ਕੇ ਵੇਚਦਾ ਹੈ। ਮੁਲਜ਼ਮ ਇਸ ਸਮੇਂ ਵਿਸ਼ਵਕਰਮਾ ਪਾਰਕ ਨੇੜੇ ਆਪਣੇ ਟਰੱਕ ਨਾਲ ਖੜ੍ਹਾ ਹੈ ਤੇ ਕਿਸੇ ਨੂੰ ਅਫੀਮ ਸਪਲਾਈ ਕਰਨ ਦੀ ਉਡੀਕ ਕਰ ਰਿਹਾ ਹੈ। ਪੁਲੀਸ ਨੇ ਮੁਲਜ਼ਮ ਨੂੰ ਘੇਰ ਲਿਆ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਨੁਸਾਰ ਮੁਲਜ਼ਮ ਖੁਦ ਵੀ ਨਸ਼ੇ ਦਾ ਆਦੀ ਹੈ ਅਤੇ ਜਲਦੀ ਪੈਸੇ ਕਮਾਉਣ ਦੇ ਚੱਕਰ ਵਿੱਚ ਅਫੀਮ ਸਪਲਾਈ ਕਰਨ ਲੱਗ ਗਿਆ। ਪੁਲੀਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਅਫੀਮ ਕਿੱਥੋਂ ਲਿਆਉਂਦਾ ਸੀ ਤੇ ਕਿਸ ਨੂੰ ਸਪਲਾਈ ਕਰਦਾ ਸੀ।