ਮੰਡੀ ’ਚ ਅੱਗ ਲੱਗਣ ਕਾਰਨ ਟਰੱਕ ਤੇ ਫੜ੍ਹੀਆਂ ਸੜੀਆਂ
ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਦੋ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ਬੁਝਾਈ
Advertisement
ਸਨਅਤੀ ਸ਼ਹਿਰ ਜਲੰਧਰ ਬਾਈਪਾਸ ਨੇੜੇ ਸਬਜ਼ੀ ਮੰਡੀ ਦੇ ਨਾਲ ਲੱਗਦੀ ਫਲ ਮੰਡੀ ਵਿੱਚ ਮੰਗਲਵਾਰ ਬਾਅਦ ਦੁਪਹਿਰ ਪਲਾਸਟਿਕ ਦੀਆਂ ਕਰੇਟਾਂ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਹਰ ਪਾਸੇ ਧੂੰਆਂ ਫੈਲ ਗਿਆ। ਆਲੇ-ਦੁਆਲੇ ਦਾ ਇਲਾਕਾ ਕਾਲੇ ਧੂੰਏਂ ਨਾਲ ਢੱਕਿਆ ਗਿਆ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਆਸ-ਪਾਸ ਦੇ ਲੋਕਾਂ ਨੂੰ ਧਮਾਕੇ ਦੀ ਆਵਾਜ਼ ਵੀ ਸੁਣਾਈ ਦਿੱਤੀ। ਮੌਕੇ ’ਤੇ ਮੌਜੂਦ ਲੋਕਾਂ ਦੀ ਮੰਨੀਏ ਤਾਂ ਇੱਥੇ ਇੱਕ ਸਿਲੰਡਰ ਵਿੱਚ ਵੀ ਧਮਾਕਾ ਹੋਇਆ ਸੀ। ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਫਿਰ ਉਨ੍ਹਾਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਅੱਗ ਵਿੱਚ ਪਲਾਸਟਿਕ ਦੀਆਂ ਕਰੇਟਾਂ, ਇੱਕ ਟਰੱਕ ਤੇ ਅੱਠ ਫੜ੍ਹੀਆਂ ਸੜ ਕੇ ਸਵਾਹ ਹੋ ਗਈਆਂ। ਮੌਕੇ ’ਤੇ ਪੁੱਜੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕਰੇਟ ਦੇ ਨੇੜੇ ਪਏ ਕੂੜੇ ਨੂੰ ਲੱਗੀ ਅੱਗ ਕਾਰਨ ਇਹ ਘਟਨਾ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਦੁਪਹਿਰ ਨੂੰ ਫਲ ਮੰਡੀ ਵਿੱਚ ਪਲਾਸਟਿਕ ਦੀਆਂ ਕਰੇਟਾਂ ਵਿੱਚ ਅਚਾਨਕ ਅੱਗ ਲੱਗ ਗਈ। ਪਹਿਲਾਂ ਤਾਂ ਕਿਸੇ ਨੂੰ ਪਤਾ ਨਹੀਂ ਲੱਗਾ ਪਰ ਹੌਲੀ-ਹੌਲੀ ਅੱਗ ਫੈਲ ਗਈ ਅਤੇ ਅੱਗ ਦਾ ਧੂੰਆਂ ਕਾਫ਼ੀ ਦੂਰ ਤੱਕ ਦਿਖਾਈ ਦੇਣ ਲੱਗ ਪਿਆ। ਅੱਗ ਇੰਨੀ ਭਿਆਨਕ ਸੀ ਕਿ ਨੇੜੇ ਖੜ੍ਹਾ ਇੱਕ ਟਰੱਕ ਵੀ ਸੜ ਕੇ ਸੁਆਹ ਹੋ ਗਿਆ। ਅੱਗ ਕਾਰਨ ਕੁਝ ਮਿੰਟਾਂ ਵਿੱਚ ਹੀ ਅੱਠ ਫੜ੍ਹੀਆਂ ਵੀ ਸੜ ਕੇ ਸਵਾਹ ਹੋ ਗਈਆਂ। ਅੱਗ ਲੱਗਣ ਨਾਲ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਵਿੱਚ ਦਹਿਸ਼ਤ ਫੈਲ ਗਈ। ਸਾਮਾਨ ਖਰੀਦਣ ਆਏ ਲੋਕ ਵੀ ਇੱਧਰ-ਉੱਧਰ ਭੱਜਣ ਲੱਗੇ। ਸਥਿਤੀ ਵਿਗੜਦੀ ਦੇਖ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ ਲੱਗਣ ਤੋਂ ਤੁਰੰਤ ਬਾਅਦ ਇੱਕ ਤੋਂ ਬਾਅਦ ਇੱਕ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ। ਉਨ੍ਹਾਂ ਨੇ ਲਗਪਗ ਦੋ ਤੋਂ ਢਾਈ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਸ਼ੱਕ ਹੈ ਕਿ ਕਿਸੇ ਨੇ ਕਰੇਟ ਦੇ ਨੇੜੇ ਪਏ ਕੂੜੇ ਨੂੰ ਅੱਗ ਲਗਾ ਦਿੱਤੀ ਹੈ। ਹਵਾ ਕਾਰਨ ਅੱਗ ਕਰੇਟ ਤੱਕ ਪਹੁੰਚ ਗਈ, ਜਿਸ ਨਾਲ ਕਰੇਟ ਤੋਂ ਅੱਗ ਹੋਰ ਫੈਲ ਗਈ।
Advertisement
Advertisement
