ਬੁੱਢੇ ਦਰਿਆ ’ਚੋਂ ਕਾਲੀ ਗਾਰ ਨਿਕਲਣ ਕਾਰਨ ਪ੍ਰੇਸ਼ਾਨੀ
ਸਨਅਤੀ ਸ਼ਹਿਰ ਵਿੱਚ ਦੂਜੇ ਦਿਨ ਵੀ ਤੇਜ਼ ਮੀਂਹ ਨੇ ਲੋਕਾਂ ਨੂੰ ਪ੍ਰੇਸ਼ਾਨੀ ਵਿੱਚ ਪਾਈ ਰੱਖਿਆ। ਜਿੱਥੇ ਜਿੱਥੇ ਬੁੱਢਾ ਦਰਿਆ ਦਾ ਪਾਣੀ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜਿਆ ਸੀ, ਉਥੋਂ ਅੱਜ ਕਈ ਇਲਾਕਿਆਂ ਵਿੱਚ ਪਾਣੀ ਤਾਂ ਨਿਕਲ ਗਿਆ ਪਰ ਕਾਲੇ ਪਾਣੀ ਦੀ ਗਾਰ ਲੋਕਾਂ ਲਈ ਵੱਡੀ ਮੁਸੀਬਤ ਬਣੀ। ਲੋਕਾਂ ਦੇ ਘਰਾਂ ਦੇ ਬਾਹਰ ਕਾਲੀ ਗਾਰ ਜੰਮੀ ਰਹੀ, ਜਿਸ ਨੂੰ ਸਾਫ਼ ਕਰਨ ਵਿੱਚ ਵੀ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਆਈ। ਮੰਗਲਵਾਰ ਨੂੰ ਰੁਕ-ਰੁਕ ਕੇ ਮੀਂਹ ਪੈਣ ਦੇ ਬਾਵਜੂਦ, ਬੁੱਢਾ ਦਰਿਆ ਵਿੱਚ ਪਾਣੀ ਘੱਟ ਨਹੀਂ ਹੋਇਆ। ਮੰਗਲਵਾਰ ਨੂੰ ਵੀ ਕਈ ਇਲਾਕਿਆਂ ਵਿੱਚ ਪਾਣੀ ਭਰਿਆ ਰਿਹਾ। ਸ਼ਹਿਰ ਦੇ ਸ਼ਿਵਪੁਰੀ, ਢੋਕਾਂ ਮੁਹੱਲਾ, ਦੀਪ ਨਗਰ, ਬਸੰਤ ਨਗਰ, ਚੰਦਰ ਨਗਰ ਇਲਾਕਿਆਂ ਵਿੱਚ ਲੋਕਾਂ ਨੂੰ ਕਾਲੇ ਪਾਣੀ ਨੇ ਉਲਝਾਇਆ। ਕਈ ਕਈ ਘੰਟੇ ਲੋਕ ਆਪਣੇ ਘਰਾਂ ਤੋਂ ਕਾਲੀ ਗਾਰ ਕੱਢਦੇ ਰਹੇ। ਕਈ ਇਲਾਕੇ ਤਾਂ ਅਜਿਹੇ ਸਨ, ਜਿੱਥੇ ਸਕਸ਼ਨ ਮਸ਼ੀਨਾਂ ਰਾਹੀਂ ਗਾਰ ਨੂੰ ਕੱਢਿਆ ਗਿਆ। ਕਈ ਇਲਾਕਿਆਂ ਵਿੱਚ ਪਾਣੀ ਕਰਕੇ ਰਸਤੇ ਬੰਦ ਹਨ। ਲੋਕਾਂ ਨੂੰ ਕਾਫ਼ੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਇਲਾਕਿਆਂ ਵਿੱਚ ਕਈ ਫੈਕਟਰੀ ਮਾਲਕਾਂ ਨੇ ਮੋਟਰਾਂ ਨਾਲ ਆਪਣੇ ਘਰਾਂ ਤੇ ਫੈਕਟਰੀਆਂ ਵਿੱਚ ਖੜ੍ਹਾ ਪਾਣੀ ਬਾਹਰ ਕੱਢਿਆ। ਇਲਾਕਾ ਵਾਸੀ ਅਭਿਨਵ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਵਿੱਚ ਚਾਰ ਤੋਂ ਪੰਜ ਫੁੱਟ ਪਾਣੀ ਖੜ੍ਹਾ ਹੋ ਗਿਆ ਸੀ ਜਿਸ ਵਿੱਚ ਬੁੱਢੇ ਦਰਿਆ ਦਾ ਗੰਦਾ ਪਾਣੀ ਸੀ, ਬੀਤੇ ਦਿਨ ਤੋਂ ਲੋਕ ਬਦਬੂ ਤੇ ਹੋਰ ਗੰਦਗੀ ਤੋਂ ਪ੍ਰੇਸ਼ਾਨ ਹਨ। ਮੰਗਲਵਾਰ ਸ਼ਾਮ ਤੱਕ ਉਹ ਨਗਰ ਨਿਗਮ ਵਾਲਿਆਂ ਨੂੰ ਫੋਨ ਕਰਦੇ ਰਹੇ, ਪਰ ਕੋਈ ਆਇਆ ਨਹੀਂ। ਉਨ੍ਹਾਂ ਦੀ ਫੈਕਟਰੀ ਵਿੱਚ ਵੀ ਪਾਣੀ ਆ ਗਿਆ ਸੀ ਤੇ ਕਾਫ਼ੀ ਨੁਕਸਾਨ ਹੋਇਆ। ਉਧਰ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਅੱਜ ਬੁੱਢਾ ਦਰਿਆ ਦੇ ਕਈ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਸ਼ਿਵਪੁਰੀ, ਤਾਜਪੁਰ ਰੋਡ, ਚੰਦਰ ਨਗਰ, ਕੁੰਦਨਪੁਰੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਆਪਣੀ ਟੀਮ ਨਾਲ ਕਈ ਥਾਵਾਂ ’ਤੇ ਤੇਜ਼ੀ ਨਾਲ ਰਾਹਤ ਕਾਰਜ ਚਲਾਉਣ ਦੀ ਗੱਲ ਆਖੀ। ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਕਮਿਸ਼ਨਰ ਨਾਲ ਕਈ ਮੁੱਦਿਆਂ ’ਤੇ ਚਰਚਾ ਕੀਤੀ ਤਾਂ ਕਿ ਬੁੱਢਾ ਦਰਿਆ ਦੇ ਕੰਢਿਆਂ ਦੀ ਮੁਰੰਮਤ ਕੀਤੀ ਜਾ ਸਕੇ ਅਤੇ ਪਾਣੀ ਓਵਰਫਲੋਅ ਹੋ ਕੇ ਬਾਹਰ ਨਾ ਆਵੇ। ਦੋਵੇਂ ਪਾਸੇ ਰੱਸੀਆਂ ਪਾ ਕੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਢੋਕਾ ਮੁਹੱਲੇ ਵਿੱਚ ਹਾਲੇ ਵੀ ਪਾਣੀ ਖੜ੍ਹਾ ਹੈ। ਜਿੱਥੇ ਪਾਣੀ ਘੱਟ ਗਿਆ ਹੈ, ਉੱਥੇ ਕੂੜਾ ਇਕੱਠਾ ਹੋ ਗਿਆ ਹੈ ਅਤੇ ਲੋਕ ਬਹੁਤ ਪਰੇਸ਼ਾਨ ਹਨ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਪਾਰਕ ਖੇਤਰ, ਹੈਬੋਵਾਲ ਰਾਮ ਸ਼ਰਣਮ ਦੇ ਨੇੜੇ ਵੀ ਪਾਣੀ ਹੈ।
ਮੇਅਰ ਵੱਲੋਂ ਅਧਿਕਾਰੀਆਂ ਨਾਲ ਬੁੱਢਾ ਦਰਿਆ ਬਾਰੇ ਮੀਟਿੰਗ
ਹਰ ਵਾਰ ਮੀਂਹ ਪੈਣ ’ਤੇ ਬੁੱਢਾ ਦਰਿਆ ਓਵਰਫਲੋਅ ਹੋ ਜਾਂਦਾ ਹੈ। ਇਸ ਵਾਰ ਸਰਕਾਰ ਨੇ ਇਹ ਦਾਅਵਾ ਕੀਤਾ ਸੀ ਕਿ ਬੁੱਢਾ ਦਰਿਆ ਦੀ ਨਿਯਮਿਤ ਤੌਰ ’ਤੇ ਸਫਾਈ ਕੀਤੀ ਜਾ ਰਹੀ ਹੈ ਪਰ ਮੀਂਹ ਤੋਂ ਬਾਅਦ ਬੁੱਢਾ ਦਰਿਆ ’ਚੋਂ ਗੰਦਗੀ ਨਿਕਲ ਆਈ ਜਿਸ ਕਾਰਨ ਸਰਕਾਰ ਫਿਰ ਲੋਕਾਂ ਦੇ ਨਿਸ਼ਾਨੇ ’ਤੇ ਆ ਗਈ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਅਧਿਕਾਰੀਆਂ ਨਾਲ ਅੱਜ ਮੀਟਿੰਗ ਕੀਤੀ ਅਤੇ ਬੁੱਢਾ ਦਰਿਆ ਦੇ ਕਈ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਕਈ ਇਲਾਕਿਆਂ ਵਿੱਚ ਪਾਣੀ ਹੈ ਉਥੇ ਨਗਰ ਨਿਗਮ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਪਾਣੀ ਕੱਢਿਆ ਜਾ ਰਿਹਾ ਹੈ।