ਖੇਤੀਬਾੜੀ ਯੂਨੀਵਰਸਿਟੀ ’ਚ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ
ਉੱਘੇ ਹਾਸ ਕਲਾਕਾਰ ਅਤੇ ਪੰਜਾਬੀ ਫਿਲਮਾਂ ਵਿਚ ਵੱਖਰੀ ਪਛਾਣ ਸਥਾਪਤ ਕਰਨ ਵਾਲੇ ਅਦਾਕਾਰ ਡਾ. ਜਸਵਿੰਦਰ ਭੱਲਾ ਅੱਜ ਇਸ ਦੁਨੀਆਂ ਨੂੰ ਵਿਦਾ ਆਖ ਗਏ। ਡਾ. ਭੱਲਾ ਪੰਜਾਬੀ ਸੱਭਿਆਚਾਰਕ ਕਲਾ ਦੇ ਨੁਮਾਇੰਦੇ ਹੋਣ ਦੇ ਨਾਲ-ਨਾਲ ਖੇਤੀ ਪਸਾਰ ਸਿੱਖਿਆ ਦੇ ਨਾਮਵਰ ਵਿਗਿਆਨੀ ਅਤੇ ਪੀ.ਏ.ਯੂ. ਦੇ ਸਾਬਕਾ ਮਾਹਿਰ ਵੀ ਸਨ।
ਡਾ. ਭੱਲਾਂ ਦੇ ਅਚਾਨਕ ਵਿਛੋੜੇ ’ਤੇ ਇਕ ਸ਼ੋਕ ਸਭਾ ਦਾ ਆਯੋਜਨ ਅੱਜ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਹੋਇਆ। ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਉੱਚ ਅਧਿਕਾਰੀਆਂ ਸਮੇਤ ਅਧਿਆਪਕ, ਗੈਰ ਅਧਿਆਪਕ ਅਮਲੇ ਅਤੇ ਸਮੂਹ ਮੁਲਾਜ਼ਮਾਂ ਨੇ ਆਪਣੇ ਇਸ ਵਿਛੜੇ ਸਾਥੀ ਨੂੰ ਭਾਵਪੂਰਤ ਤਰੀਕੇ ਨਾਲ ਯਾਦ ਕੀਤਾ। ਡਾ. ਗੋਸਲ ਨੇ, ਡਾ. ਜਸਵਿੰਦਰ ਭੱਲਾ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਇਕ ਸ਼ਾਨਦਾਰ ਅਦਾਕਾਰ ਅਤੇ ਬਿਹਤਰੀਨ ਮਨੁੱਖ ਤੋਂ ਵਾਂਝਿਆਂ ਹੋ ਗਈ ਹੈ। ਵਿਸ਼ਵ ਪੱਧਰ ਤੇ ਵਿਲੱਖਣ ਪਛਾਣ ਰੱਖਣ ਵਾਲਾ ਇਹ ਅਦਾਕਾਰ ਪੀ.ਏ.ਯੂ. ਨਾਲ ਦਿਲੋਂ ਮੁਹੱਬਤ ਵਾਲਾ ਰਿਸ਼ਤਾ ਰੱਖਦਾ ਸੀ। ਸੇਵਾ ਮੁਕਤੀ ਤੋਂ ਬਾਅਦ ਵੀ ਡਾ. ਭੱਲਾ ਕਿਸਾਨਾਂ ਦੀ ਭਲਾਈ ਲਈ ਨਿਰੰਤਰ ਜੁੜੇ ਹੋਏ ਸਨ। ਕੋਵਿਡ ਦੌਰਾਨ ਬੀਜ ਦੀ ਵਿਕਰੀ ਅਤੇ ਹੋਰ ਗਤੀਵਿਧੀਆਂ ਵਾਸਤੇ ਉਹਨਾਂ ਨੇ ਹਮੇਸ਼ਾਂ ਆਪਣੀਆਂ ਸੇਵਾਵਾਂ ਦਿੱਤੀਆਂ। ਡਾ. ਗੋਸਲ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਦੁਆ ਕਰਦਿਆਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ ਵਾਸਤੇ ਪਰਮਪਿਤਾ ਅੱਗੇ ਅਰਦਾਸ ਕੀਤੀ।
ਇਸ ਮੌਕੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਆਪਣੇ ਅਧਿਆਪਕ ਅਤੇ ਬਾਅਦ ਵਿਚ ਸਹਿਕਰਮੀ ਰਹੇ ਡਾ. ਭੱਲਾ ਨੂੰ ਨਿੱਘੇ ਸ਼ਬਦਾਂ ਨਾਲ ਯਾਦ ਕੀਤਾ। ਉਹਨਾਂ ਦੱਸਿਆ ਕਿ 4 ਮਈ 1960 ਨੂੰ ਪੈਦਾ ਹੋਣ ਵਾਲੇ ਡਾ. ਭੱਲਾ ਨੇ ਬੀ ਐੱਸ ਆਨਰਜ਼ ਅਤੇ ਐੱਮ ਐੱਸ ਸੀ ਪਸਾਰ ਸਿੱਖਿਆ ਪੀ.ਏ.ਯੂ. ਤੋਂ ਹਾਸਲ ਕੀਤੀ। 1989 ਵਿਚ ਉਹ ਪਸਾਰ ਸਿੱਖਿਆ ਵਿਭਾਗ ਵਿਚ ਬਤੌਰ ਸਹਾਇਕ ਪ੍ਰੋਫੈਸਰ ਸ਼ਾਮਿਲ ਹੋਏ। ਇਸ ਤੋਂ ਪਹਿਲਾਂ ਡਾ. ਭੱਲਾ ਨੇ ਮੰਚ ਅਦਾਕਾਰ ਵਜੋਂ ਵਿਦਿਆਰਥੀ ਜੀਵਨ ਵਿਚ ਹੀ ਬਹੁਤ ਨਾਮਣਾ ਖੱਟ ਲਿਆ ਸੀ। 2015 ਵਿਚ ਉਹ ਇਸੇ ਵਿਭਾਗ ਦੇ ਮੁਖੀ ਬਣੇ ਅਤੇ 2020 ਵਿਚ ਸੇਵਾ ਮੁਕਤ ਹੋਏ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਡਾ. ਭੱਲਾ ਨਾਲ ਗੁਜ਼ਾਰੇ ਸਮੇਂ ਨੂੰ ਯਾਦ ਕੀਤਾ। ਡਾ. ਭੱਲਾ ਨੇ ਅਣਗਿਣਤ ਪੰਜਾਬੀ ਫਿਲਮਾਂ ਵਿਚ ਭੂਮਿਕਾਵਾਂ ਨਿਭਾਈਆਂ ਜੋ ਪੰਜਾਬੀ ਲੋਕਾਂ ਦੇ ਮਨਾਂ ਉੱਪਰ ਸਜੀਵ ਰਹਿਣਗੀਆਂ। ਪੀ.ਏ.ਯੂ. ਭਾਈਚਾਰੇ ਨੇ ਆਪਣੇ ਵਿਛੜੇ ਸਾਥੀ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਅਤੇ ਦੁਖੀ ਪਰਿਵਾਰ ਨਾਲ ਆਪਣੀ ਸਾਂਝ ਅਤੇ ਸੰਵੇਦਨਾ ਦਾ ਪ੍ਰਗਟਾਵਾ ਕੀਤਾ।