ਗੱਡੀ ਦੀ ਟੱਕਰ ਵੱਜਣ ਕਾਰਨ ਟਰਾਂਸਫਾਰਮਰ ਸੜਿਆ
ਟਿੱਬਾ ਰੋਡ ਸਥਿਤ ਗੁਰਮੇਲ ਕਲੋਨੀ ਵਿੱਚ ਬੀਤੀ ਦੇਰ ਰਾਤ ਇੱਕ ਬਿਜਲੀ ਦੇ ਟਰਾਂਸਫਾਰਮਰ ਨਾਲ ਇੱਕ ਟਾਟਾ 407 ਗੱਡੀ ਦੀ ਟੱਕਰ ਹੋਣ ਨਾਲ ਜ਼ੋਰਦਾਰ ਧਮਾਕਾ ਹੋਇਆ। ਇਸ ਹਾਦਸੇ ਨਾਲ ਜਿੱਥੇ ਟਾਟਾ 407 ਗੱਡੀ ਕਾਫ਼ੀ ਨੁਕਸਾਨੀ ਗਈ, ਉੱਥੇ ਬਿਜਲੀ ਦੇ ਟਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਅਤੇ ਇਲਾਕੇ ਦੀ ਬਿਜਲੀ ਗੁੱਲ ਹੋ ਗਈ। ਟੱਕਰ ਦੌਰਾਨ ਕਈ ਧਮਾਕੇ ਹੋਏ। ਇਲਾਕਾ ਵਾਸੀਆਂ ਨੇ ਦੱਸਿਆ ਕਿ ਧਮਾਕਾ ਇੰਨਾ ਜਜਬਰਦਸਤ ਸੀ ਕਿ ਇੰਝ ਲੱਗ ਰਿਹਾ ਸੀ ਜਿਵੇਂ ਇਲਾਕੇ ਵਿੱਚ ਕੋਈ ਜ਼ੋਰਦਾਰ ਬੰਬ ਫਟ ਗਿਆ ਹੋਵੇ। ਉਨ੍ਹਾਂ ਦੱਸਿਆ ਕਿ ਜਦੋਂ ਉਹ ਹਾਦਸੇ ਵਾਲੀ ਥਾਂ ’ਤੇ ਗਏ ਤਾਂ ਵੇਖਿਆ ਕਿ ਟਾਟਾ 407 ਗੱਡੀ ਸੜ ਰਹੀ ਸੀ ਅਤੇ ਬਿਜਲੀ ਦੇ ਟ੍ਰਾਂਸਫਾਰਮਰ ਤੋਂ ਲਗਾਤਾਰ ਭਿਆਨਕ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ, ਜਿਸ ਕਾਰਨ ਕਾਫੀ ਦੂਰ ਤੱਕ ਕਾਲਾ ਧੂੰਆਂ ਉੱਠ ਰਿਹਾ ਸੀ। ਲੋਕਾਂ ਨੇ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਜਿਸ ’ਤੇ ਅੱਗ ਬੁਝਾਊ ਇੰਜਣਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਟਾਟਾ 407 ਗੱਡੀ ਦੇ ਡਰਾਈਵਰ ਦੀ ਗਲਤੀ ਕਾਰਨ ਪਾਵਰਕੌਮ ਵਿਭਾਗ ਨੂੰ ਲਗਭਗ ਸਾਢੇ ਅੱਠ ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ ਅਤੇ ਇਸਦੀ ਭਰਪਾਈ ਲਈ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡਰਾਈਵਰ ਵਿਰੁੱਧ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।