ਵੈਟਰਨਰੀ ’ਵਰਸਿਟੀ ’ਚ ਸੂਰ ਪਾਲਣ ਸਬੰਧੀ ਸਿਖਲਾਈ ਵਰਕਸ਼ਾਪ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਰਨਰੀ ਪਸਾਰ ਸਿੱਖਿਆ ਵਿਭਾਗ ਨੇ ‘ਸੂਰ ਪਾਲਣ: ਹੁਨਰ, ਵਿਗਿਆਨ ਅਤੇ ਟਿਕਾਊਪਨ’ ਵਿਸ਼ੇ ’ਤੇ ਪੰਜ ਦਿਨਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ। ਇਹ ਕੋਰਸ ਬਿਹਾਰ ਦੇ ਉਭਰਦੇ ਸੂਰ ਪਾਲਕਾਂ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਕੁੱਲ 18 ਪ੍ਰਤੀਭਾਗੀਆਂ, ਜਿਨ੍ਹਾਂ ਵਿੱਚ 16 ਕਿਸਾਨ ਅਤੇ 2 ਅਧਿਆਪਕ ਸ਼ਾਮਲ ਸਨ ਨੇ ਹਿੱਸਾ ਲਿਆ।
ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਕਿਸਾਨਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ, ਅੰਤਰ-ਰਾਜੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਕਿੱਤੇ ਦੇ ਵਧੀਆ ਅਭਿਆਸਾਂ ਨੂੰ ਅਪਣਾਉਣ ਦੀ ਸਹੂਲਤ ਦੇਣ ਲਈ ਇੱਕ ਮਹੱਤਵਪੂਰਨ ਮੰਚ ਵਜੋਂ ਕੰਮ ਕਰਦੇ ਹਨ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਰਾਹੀਂ ਕਿਸਾਨਾਂ ਨੂੰ ਵਿਗਿਆਨਕ ਢੰਗ ਨਾਲ ਸੂਰ ਪਾਲਣ ਦੀ ਸਿਖਲਾਈ ਦਿੱਤੀ। ਮਾਹਿਰਾਂ ਨੇ ਸੂਰ ਪਾਲਕਾਂ ਨੂੰ ਉਤਪਾਦਕਤਾ ਅਤੇ ਮੁਨਾਫੇ ਨੂੰ ਬਿਹਤਰ ਬਣਾਉਣ ਲਈ ਆਧੁਨਿਕ ਤਕਨਾਲੋਜੀਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।
ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਮਿੰਦਰ ਸਿੰਘ , ਵਿਭਾਗ ਦੇ ਮੁਖੀ ਅਤੇ ਕੋਰਸ ਨਿਰਦੇਸ਼ਕ ਡਾ. ਜਸਵਿੰਦਰ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਸੂਰ ਪਾਲਣ ਦੀ ਬਹੁਤ ਸੰਭਾਵਨਾ ਹੈ, ਕਿਉਂਕਿ ਸੂਰ ਪਾਲਣ ਦੀ ਵਿਸ਼ਵਵਿਆਪੀ ਮੰਗ ਕਾਫ਼ੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਇਹ ਖੇਤਰ ਆਮਦਨ ਪੈਦਾ ਕਰਨ, ਬਾਜ਼ਾਰ ਦੇ ਵਿਸਥਾਰ ਅਤੇ ਉੱਦਮਤਾ ਵਿਕਾਸ ਲਈ ਵਿਸ਼ਾਲ ਮੌਕੇ ਪ੍ਰਦਾਨ ਕਰਦਾ ਹੈ। ਕੋਰਸ ਦਾ ਸੰਯੋਜਨ ਡਾ. ਰਵਦੀਪ ਸਿੰਘ ਅਤੇ ਡਾ. ਅਰੁਣਬੀਰ ਸਿੰਘ ਵੱਲੋਂ ਕੀਤਾ ਗਿਆ ਸੀ। ਪਿਗ ਫਾਰਮਰਜ਼ ਵੈਲਫੇਅਰ ਐਸੋਸੀਏਸ਼ਨ, ਪੰਜਾਬ ਨੇ ਇਸ ਸਿਖਲਾਈ ਨੂੰ ਸਹਿਯੋਗ ਦਿੱਤਾ।