ਪੰਜਾਬ ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਅਫਸਰਾਂ ਨੂੰ ਸਿਖਲਾਈ ਦਿੱਤੀ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਟੀਚਿੰਗ ਵੈਟਰਨਰੀ ਕਲੀਨਿਕਲ ਕੰਪਲੈਕਸ ਵਿਭਾਗ ਨੇ ਆਫ਼ਤਾਂ ਦੌਰਾਨ ਪਸ਼ੂ ਭਲਾਈ ਅਤੇ ਪ੍ਰਬੰਧਨ ਸਬੰਧੀ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦੇ ਅਧਿਕਾਰੀਆਂ ਲਈ ਇੱਕ ਪ੍ਰਭਾਵਸ਼ਾਲੀ ਸਿਖਲਾਈ ਸੈਸ਼ਨ ਕਰਵਾਇਆ ਗਿਆ। ਪਸ਼ੂ ਹਸਪਤਾਲ ਦੇ ਨਿਰਦੇਸ਼ਕ ਡਾ. ਜਤਿੰਦਰ ਮਹਿੰਦਰੂ ਦੀ ਅਗਵਾਈ ਹੇਠ ਕਰਵਾਏ ਇਸ ਸਿਖਲਾਈ ਸੈਸ਼ਨ ਦਾ ਉਦੇਸ਼ ਐਮਰਜੈਂਸੀ ਸਥਿਤੀਆਂ ਦੌਰਾਨ ਜਾਨਵਰਾਂ ਦੇ ਜੀਵਨ ਅਤੇ ਜਨਤਕ ਸਿਹਤ ਦੀ ਰੱਖਿਆ ਲਈ ਅੱਗੇ ਹੋ ਕੇ ਸੇਵਾ ਨਿਭਾਉਣ ਵਾਲਿਆਂ ਨੂੰ ਕੌਸ਼ਲ ਦੇਣ ’ਤੇ ਕੇਂਦਰਿਤ ਸੀ। ਡਾ. ਮਹਿੰਦਰੂ ਨੇ ਆਫ਼ਤ ਪ੍ਰਬੰਧਨ ਮਾਹਿਰਾਂ ਵਜੋਂ ਪਸ਼ੂਆਂ ਦੇ ਡਾਕਟਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਉਪ-ਕੁਲਪਤੀ ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ’ਵਰਸਿਟੀ ਸਮਾਜ ਦੀ ਭਲਾਈ ਲਈ ਸਮਰਪਿਤ ਹੈ। ਮਾਹਰ ਸੈਸ਼ਨ ਦੌਰਾਨ ਡਾ. ਰਣਧੀਰ ਸਿੰਘ ਨੇ ਜਾਨਵਰਾਂ ਦੀ ਸੰਭਾਲ, ਸੰਜਮ ਅਤੇ ਵਿਗਿਆਨਕ ਵਿਧੀ ਨਾਲ ਮ੍ਰਿਤਕ ਜਾਨਵਰਾਂ ਦੇ ਨਿਪਟਾਰੇ ਦੀਆਂ ਤਕਨੀਕਾਂ ’ਤੇ ਜਾਣਕਾਰੀ ਦਿੱਤੀ। ਡਾ. ਗੁਰਪ੍ਰੀਤ ਸਿੰਘ ਨੇ ਪ੍ਰਤੀਭਾਗੀਆਂ ਨੂੰ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀ ਦੀ ਰੋਕਥਾਮ, ਜਾਨਵਰਾਂ ਦੀ ਸੁਰੱਖਿਅਤ ਨਿਕਾਸੀ ਅਤੇ ਆਫ਼ਤਾਂ ਦੌਰਾਨ ਗੰਦਗੀ ਤੋਂ ਰੱਖਿਆ ਬਾਰੇ ਜਾਗਰੂਕ ਕੀਤਾ। ਸਿਖਲਾਈ ਵਿੱਚ ਜ਼ਿਲ੍ਹਾ ਕਮਾਂਡਰ ਰਛਪਾਲ ਸਿੰਘ ਦੇ ਨਾਲ-ਨਾਲ ਕੰਪਨੀ ਕਮਾਂਡਰਾਂ ਅਤੇ ਪਲਟੂਨ ਕਮਾਂਡਰਾਂ ਸਮੇਤ 28 ਅਧਿਕਾਰੀਆਂ ਨੇ ਸਰਗਰਮ ਸ਼ਮੂਲੀਅਤ ਕੀਤੀ।
