ਕੀਟਾਂ ਦੀ ਰੋਕਥਾਮ ਬਾਰੇ ਸਿਖਲਾਈ
ਪੀਏਯੂ ਦੇ ਕੀਟ ਵਿਗਿਆਨ ਵਿਭਾਗ ਨੇ ਅਗਾਂਹਵਧੂ ਸ਼ਹਿਦ-ਮੱਖੀ ਪਾਲਕਾਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ। ਇਹ ਪ੍ਰੋਗਰਾਮ ਮਧੂ-ਮੱਖੀਆਂ ਦੇ ਖਤਰਨਾਕ ਕੀਟਾਂ ਵਿਸ਼ੇਸ਼ ਕਰਕੇ ਬੀਟਲ ਦੀ ਰੋਕਥਾਮ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ ਕਰਵਾਇਆ ਗਿਆ ਸੀ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਮਧੂ-ਮੱਖੀ ਪਾਲਕਾਂ ਨੂੰ ਇਸ ਖਤਰਨਾਕ ਕੀਟ ਦਾ ਸਮੇਂ ਸਿਰ ਪਤਾ ਲਾਉਣ ਲਈ ਆਪਣੀਆਂ ਕਲੋਨੀਆਂ ਦਾ ਨਿਯਮਿਤ ਸਰਵੇਖਣ ਕਰਦੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਇਸ ਸਮੱਸਿਆ ਨਾਲ ਨਜਿੱਠਣ ਲਈ ਮਧੂ-ਮੱਖੀ ਪਾਲਕਾਂ ਨੂੰ ਤਕਨੀਕੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੇ ਕਿਹਾ ਕਿ ਇਹ ਇੱਕ ਵਿਦੇਸ਼ੀ ਕੀਟ ਹੈ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮਧੂ-ਮੱਖੀ ਪਾਲਕਾਂ ਨੂੰ ਇਸ ਕੀਟ ਬਾਰੇ ਵਿਸਤ੍ਰਿਤ ਤਕਨੀਕੀ ਜਾਣਕਾਰੀ ਦਿੱਤੀ। ਉਨ੍ਹਾਂ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਸੰਭਾਵੀ ਤਰੀਕਿਆਂ ਬਾਰੇ ਦੱਸਿਆ। ਬਾਗ਼ਬਾਨੀ ਵਿਕਾਸ ਅਧਿਕਾਰੀ ਅਤੇ ਨੋਡਲ ਅਫ਼ਸਰ ਜਗਦੀਪ ਸਿੰਘ ਨੇ ਕਿਹਾ ਕਿ ਸਰਕਾਰ ਕੀਟ ਹਮਲੇ ਨੂੰ ਘਟਾਉਣ ਲਈ ਰਣਨੀਤੀ ਬਾਰੇ ਵਿਚਾਰ ਕਰ ਰਹੀ ਹੈ। ਇਸ ਮੌਕੇ ਕੀਟ ਵਿਗਿਆਨ ਵਿਭਾਗ ਨੇ ਡਾ. ਜਸਪਾਲ ਸਿੰਘ, ਅਮਿਤ ਚੌਧਰੀ ਅਤੇ ਭਾਰਤੀ ਮੋਹਿੰਦਰੂ ਵੱਲੋਂ ਲਿਖਿਆ ਕਿਤਾਬਚਾ ਜਾਰੀ ਕੀਤਾ ਗਿਆ। ਪ੍ਰੋਗਰਾਮ ਵਿੱਚ 40 ਤੋਂ ਵੱਧ ਮਧੂ ਮੱਖੀ ਪਾਲਕਾਂ ਨੇ ਹਿੱਸਾ ਲਿਆ।