ਵੈਟਰਨਰੀ ’ਵਰਸਿਟੀ ’ਚ ਜੈਵਿਕ ਸੁਰੱਖਿਆ ਅਭਿਆਸਾਂ ਬਾਰੇ ਸਿਖਲਾਈ
ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਜੂਨ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੀ ਸੰਸਥਾਗਤ ਜੈਵਿਕ ਸੁਰੱਖਿਆ ਕਮੇਟੀ ਵੱਲੋਂ ਇਕ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਦਾ ਵਿਸ਼ਾ ‘ਸੰਸਥਾਗਤ ਖੋਜ ਸਬੰਧੀ ਵੱਖ ਵੱਖ ਜੈਵਿਕ ਸੁਰੱਖਿਆ ਅਭਿਆਸਾਂ ਬਾਰੇ ਸਿੱਖਿਆ’ ਸੀ। ਯੂਨੀਵਰਸਿਟੀ ਦੇ ਐਨੀਮਲ ਬਾਇਓਟੈਕਨਾਲੋਜੀ ਕਾਲਜ ਵਿਖੇ ਕਰਵਾਈ ਗਈ ਇਸ ਸਿਖਲਾਈ ਦਾ ਉਦੇਸ਼ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਪ੍ਰਯੋਗਸ਼ਾਲਾ ਵਿੱਚ ਕੰਮ ਕਰਦੇ ਹੋਏ ਵਿਭਿੰਨ ਖਤਰੇ ਵਾਲੇ ਪਹਿਲੂਆਂ ਤੋਂ ਸੁਰੱਖਿਅਤ ਤਰੀਕੇ ਅਪਣਾਉਣ ਅਤੇ ਵਿਸੇਸ਼ ਨੇਮਾਂ ਤੋਂ ਜਾਣੂ ਕਰਵਾਉਣਾ ਸੀ।
ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਇਸ ਗੱਲ ਲਈ ਪ੍ਰਤਿਬੱਧ ਹੈ ਕਿ ਵਿਗਿਆਨਕ ਖੋਜਾਂ ਦੌਰਾਨ ਅਸੀਂ ਉੱਚ ਸੁਰੱਖਿਆ ਮਾਪਦੰਡਾਂ ਦਾ ਧਿਆਨ ਰੱਖੀਏ ਅਤੇ ਆਪਣੇ ਖੋਜਾਰਥੀਆਂ ਨੂੰ ਉਸ ਸਬੰਧੀ ਸਿੱਖਿਅਤ ਕਰਦੇ ਰਹੀਏ। ਕਾਲਜ ਆਫ ਐਨੀਮਲ ਬਾਇਟੈਕਨਾਲੋਜੀ ਦੇ ਡੀਨ ਡਾ. ਰਾਮ ਸਰਨ ਸੇਠੀ ਨੇ ਕਿਹਾ ਕਿ ਖੋਜਾਰਥੀਆਂ ਦੀ ਇਹ ਬੁਨਿਆਦੀ ਜ਼ਿੰਮੇਵਾਰੀ ਹੈ ਕਿ ਉਹ ਪ੍ਰਯੋਗਸ਼ਾਲਾ ਦੇ ਖੇਤਰ ਨੂੰ ਖ਼ਤਰਿਆਂ ਤੋਂ ਬਚਾਅ ਕੇ ਸੁਰੱਖਿਅਤ ਮਾਹੌਲ ਵਿੱਚ ਕੰਮ ਕਰਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸੰਸਥਾ ਵਿੱਚ ਉੱਚ ਪੱਧਰੀ ਉਪਕਰਣ ਅਤੇ ਸਹੂਲਤਾਂ ਹਨ ਜੋ ਕਿ ਵਿਦਿਆਰਥੀਆਂ ਦੀ ਪਹੁੰਚ ਵਿੱਚ ਹਨ, ਜਿਸ ਦਾ ਉਹ ਆਪਣੇ ਖੋਜ ਕਾਰਜਾਂ ਲਈ ਪ੍ਰਯੋਗ ਕਰ ਸਕਦੇ ਹਨ।
ਸੰਸਥਾਗਤ ਜੈਵਿਕ ਸੁਰੱਖਿਆ ਕਮੇਟੀ ਦੇ ਚੇਅਰਪਰਸਨ ਡਾ. ਦੀਪਤੀ ਨਾਰੰਗ ਨੇ ਪ੍ਰਤੀਭਾਗੀਆਂ ਦੇ ਉਤਸ਼ਾਹ ਭਰਪੂਰ ਹੁੰਗਾਰੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀ ਸਿਖਲਾਈ ਨਾਲ ਖੋਜ ਦਾ ਮਾਹੌਲ ਜ਼ਿੰਮੇਵਾਰੀ ਭਰਪੂਰ ਅਤੇ ਸੁਰੱਖਿਅਤ ਰਹਿੰਦਾ ਹੈ ਜੋ ਕਿ ਬਹੁਤ ਲਾਜ਼ਮੀ ਹੈ। ਡਾ. ਸਤਪ੍ਰਕਾਸ਼ ਸਿੰਘ ਅਤੇ ਡਾ. ਮਨੂ ਨੇ ਬਤੌਰ ਮਾਹਿਰ ਬੁਲਾਰੇ ਇਸ ਸਿਖਲਾਈ ਸੈਸ਼ਨ ਦਾ ਸੰਚਾਲਨ ਕੀਤਾ ਜਿਸ ਵਿੱਚ ਵਿਭਿੰਨ ਜੁੜੀਆਂ ਹੋਈਆਂ ਸੰਸਥਾਵਾਂ ਦੇ ਪ੍ਰਤੀਭਾਗੀਆਂ ਨੇ ਹਿੱਸਾ ਲਿਆ।