ਕੂੜੇ ਦੇ ਢੇਰ ਚੁਕਾਉਣ ਲਈ ਧਰਨਾ ਲਾ ਕੇ ਆਵਾਜਾਈ ਰੋਕੀ
ਇਥੇ ਸ਼ਹਿਰ ਦੇ ਪਰ ਡਿਸਪੋਜ਼ਲ ਰੋਡ ਦਿਨੋਂ ਦਿਨ ਕੂੜੇ ਦੇ ਵੱਡੇ ਤੇ ਲੰਬੇ ਹੁੰਦੇ ਢੇਰਾਂ ਤੋਂ ਅੱਕੇ ਲੋਕਾਂ ਨੇ ਅੱਜ ਕੂੜੇ ਵਾਲੀ ਥਾਂ ਦੇ ਨਾਲ ਹੀ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਲੋਕਾਂ ਦੇ ਇਸ ਤਰ੍ਹਾਂ ਰੋਹ ਵਿੱਚ ਆਉਣ ਦੇ ਬਾਵਜੂਦ ਕੋਈ ਉੱਚ ਅਧਿਕਾਰੀ ਨਹੀਂ ਪਹੁੰਚਿਆ। ਪ੍ਰਸ਼ਾਸਨ ਦੇ ਇਸ ਤਰ੍ਹਾਂ ਵਤੀਰੇ ਕਰਕੇ ਰੋਹ ਹੋਰ ਵਧਣ ਲੱਗਾ। ਲੋਕਾਂ ਨੇ ਧਰਨੇ ਵਾਲੀ ਥਾਂ ’ਤੇ ਟੈਂਟ ਲਾ ਕੇ ਪੱਕਾ ਧਰਨਾ ਲਾਉਣ ਦਾ ਐਲਾਨ ਕੀਤਾ। ਇਸ ’ਤੇ ਵੀ ਜਦੋਂ ਹਿਲਜੁਲ ਨਜ਼ਰ ਨਾ ਆਈ ਤਾਂ ਧਰਨਾਕਾਰੀਆਂ ਨੇ ਪਹਿਲਾਂ ਇਹ ਕੂੜਾ ਉਥੇ ਹੀ ਚੌਕ ਤੇ ਸੜਕ ’ਤੇ ਖਿਲਾਰ ਕੇ ਰਸਤਾ ਬੰਦ ਕਰਨ ਦੇਣ ਦੀ ਸੋਚੀ। ਫੇਰ ਕੁਝ ਆਗੂਆਂ ਨੇ ਭਲਕੇ ਇਹ ਕੂੜਾ ਕੜਾਹੀਆਂ ਵਿੱਚ ਪਾ ਕੇ ਨਗਰ ਕੌਂਸਲ ਦਫ਼ਤਰ ਲਿਜਾ ਕੇ ਸੁੱਟਣ ਦਾ ਐਲਾਨ ਕਰ ਦਿੱਤਾ। ਇਸ ’ਤੇ ਨਗਰ ਕੌਂਸਲ ਤੋਂ ਇਕ ਕਲਰਕ ਹਰੀਸ਼ ਕੁਮਾਰ ਪਹੁੰਚਿਆ ਜਦ ਕਿ ਥਾਣਾ ਸਿਟੀ ਦੇ ਮੁਖੀ ਪਰਮਿੰਦਰਪਾਲ ਸਿੰਘ ਵੀ ਧਰਨੇ ਵਿੱਚ ਪਹੁੰਚੇ। ਉਨ੍ਹਾਂ ਕਾਰਜਸਾਧਕ ਅਫ਼ਸਰ ਹਰਨਰਿੰਦਰ ਸਿੰਘ ਨਾਲ ਫੋਨ ’ਤੇ ਗੱਲਬਾਤ ਕਰਵਾਈ। ਈ ਓ ਨੇ ਭਰੋਸਾ ਦਿੱਤਾ ਕਿ ਭਲਕੇ ਇਹ ਕੂੜੇ ਦਾ ਢੇਰ ਚੁੱਕ ਲਿਆ ਜਾਵੇਗਾ। ਧਰਨਾਕਾਰੀਆਂ ਦੇ ਅੜੇ ਰਹਿਣ ’ਤੇ ਦੋ ਟਰੈਕਟਰ ਟਰਾਲੀਆਂ ਮੌਕੇ ’ਤੇ ਭੇਜੀਆਂ ਗਈਆਂ ਅਤੇ ਕੂੜਾ ਚੁੱਕਣਾ ਸ਼ੁਰੂ ਕਰ ਦਿੱਤਾ। ਧਰਨਾਕਾਰੀ ਫੇਰ ਇਸ ਗੱਲ ’ਤੇ ਅੜ ਗਏ ਕਿ ਇਸ ਥਾਂ ਤੋਂ ਕੂੜੇ ਦਾ ਡੰਪ ਪੱਕੇ ਤੌਰ ’ਤੇ ਹਟਾਇਆ ਜਾਵੇ। ਧਰਨੇ ਵਿੱਚ ਸ਼ਾਮਲ ਰਾਜ ਭਾਰਦਵਾਜ, ਕੰਵਲਜੀਤ ਖੰਨਾ, ਸਰਪੰਚ ਬਲਜਿੰਦਰ ਸਿੰਘ, ਗੁਰਨਾਮ ਸਿੰਘ ਭੈਣੀ, ਰਵਿੰਦਰ ਸਭਰਵਾਲ, ਸੁਖ ਜਗਰਾਉਂ, ਸਤੀਸ਼ ਪੱਪੂ ਤੇ ਹੋਰਨਾਂ ਨੇ ਕਿਹਾ ਕਿ ਬੀਤੇ ਦਿਨ ਹੀ ਕੂੜੇ ਦੇ ਹਮੇਸ਼ਾ ਇਕੱਠੇ ਰਹਿੰਦੇ ਪਸ਼ੂਆਂ ਨੇ ਇਕ ਔਰਤ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਕੂੜੇ ਦੇ ਇਨ੍ਹਾਂ ਵੱਡੇ ਢੇਰਾਂ ਤੇ ਸੜਕ ਰੋਕ ਲਏ ਜਾਣ ਕਰਕੇ ਲੋਕਾਂ ਦਾ ਨੇੜੇ ਲੱਗਦੇ ਮੰਦਰਾਂ ਤੇ ਗਊਸ਼ਾਲਾ ਵਿੱਚ ਆਉਣਾ-ਜਾਣਾ ਵੀ ਔਖਾ ਹੋ ਗਿਆ ਹੈ। ਧਰਨਾਕਾਰੀਆਂ ਨੇ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਤੇ ਨਗਰ ਕੌਂਸਲ ਤੋਂ ਇਹ ਕੂੜਾ ਚੁੱਕ ਕੇ ਕੂੜੇ ਦਾ ਡੰਪ ਪੱਕੇ ਤੌਰ ’ਤੇ ਬੰਦ ਕਰਨ ਦੀ ਮੰਗ ਦੁਹਰਾਈ।
