ਟਰੈਕਟਰ ਮਾਰਚ ਨੇ ਸਰਕਾਰ ਦੀ ਨੀਂਦ ਉਡਾਈ: ਕੋਟਉਮਰਾ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਦਾਖਾ ਪਾਰਕ ਤੋਂ ਵੀ ਮੁੱਲਾਂਪੁਰ ਦਾਖਾ ਵਿੱਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ ਨੇ ਕਿਹਾ ਕਿ ਵਿਸ਼ਾਲ ਟਰੈਕਟਰ ਮਾਰਚ ਨੇ ਸਰਕਾਰ ਦੀ ਨੀਂਹ ਉਡਾ ਦਿੱਤੀ ਹੈ। ਹੁਣ ਵੀ ਸਰਕਾਰ ਅਕਲ ਤੋਂ ਕੰਮ ਲੈ ਕੇ ਬਿਨਾਂ ਦੇਰੀ ਇਹ ਨੀਤੀ ਵਾਪਸ ਲੈ ਲਵੇ ਨਹੀਂ ਆਮ ਆਦਮੀ ਪਾਰਟੀ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ। ਇਸ ਟਰੈਕਟਰ ਮਾਰਚ ਦੀ ਲੰਬਾਈ ਕਈ ਪਿੰਡਾਂ ਤਕ ਸੀ। ਦਾਖਾ, ਕੈਲਪੁਰ, ਚੱਕ, ਭੱਟੀਆਂ, ਚੰਗਣਾ ਤੋਂ ਹੁੰਦਾ ਹੋਇਆ ਮਾਰਚ ਨੂਰਪੁਰ ਬੇਟ, ਬੱਗਾ ਕਲਾਂ, ਮਲਕਪੁਰ, ਵੀਰਮੀ, ਬਸੈਮੀ, ਈਸੇਵਾਲ ਤੋਂ ਹੁੰਦਾ ਹੋਇਆ ਦਾਖਾ ਵਿਖੇ ਆ ਕੇ ਸਮਾਪਤ ਹੋਇਆ। ਸੰਯੁਕਤ ਮੋਰਚੇ ਨਾਲ ਸਬੰਧਤ ਜਥੇਬੰਦੀਆਂ ਬੀਕੇਯੂ (ਉਗਰਾਹਾ) ਬੀਕੇਯੂ (ਰਾਜੇਵਾਲ) ਪੰਜਾਬ ਕਿਸਾਨ ਯੂਨੀਅਨ, ਬੀਕੇਯੂ (ਡਕੌਂਦਾ) ਜਮਹੂਰੀ ਕਿਸਾਨ ਸਭਾ, ਪੰਜਾਬ ਆਲ ਇੰਡੀਆ ਕਿਸਾਨ ਸਭਾ 1936 ਦੇ ਆਗੂਆਂ ਨੇ ਤਿੱਖੀ ਸੁਰ ਵਿੱਚ ਸੂਬਾ ਸਰਕਾਰ 'ਤੇ ਹਮਲੇ ਬੋਲਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਪਣੀ ਇਹ ਨੀਤੀ ਨਾ ਬਦਲੀ ਤਾਂ ਆਉਣ ਵਾਲੇ ਸਮੇਂ ਦੌਰਾਨ ਵੱਡਾ ਸੰਘਰਸ਼ ਵਿੱਢ ਕੇ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਜਾਣਗੀਆਂ। ਮਾਰਚ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਪੇਂਡੂ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ ਅਤੇ ਹੋਰ ਮਜ਼ਦੂਰ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮੇਂ ਮਾਸਟਰ ਗੁਰਮੇਲ ਸਿੰਘ ਰੂਮੀ, ਸਤਨਾਮ ਸਿੰਘ ਬੜੈਚ, ਡਾ. ਗੁਰਵਿੰਦਰ ਸਿੰਘ, ਸੁਖਮਿੰਦਰ ਸਿੰਘ ਹੰਬੜਾ, ਰਣਵੀਰ ਸਿੰਘ ਬੋਪਾਰਏ, ਮਹਾਂਵੀਰ ਸਿੰਘ ਪੱਟੀ, ਭਰਪੂਰ ਸਿੰਘ ਸਵੱਦੀ, ਕੇਵਲ ਸਿੰਘ ਮੁੱਲਾਂਪੁਰ, ਲਖਬੀਰ ਸਿੰਘ ਦਾਖਾ ਤੇ ਹੋਰ ਆਗੂ ਹਾਜ਼ਰ ਸਨ।