ਲੈਂਡ ਪੂਲਿੰਗ ਨੀਤੀ ਖਿਲਾਫ਼ ਕੱਢਿਆ ਟਰੈਕਟਰ ਮਾਰਚ
ਸੰਯੂਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਅਤੇ ਪੀੜਿਤ ਕਿਸਾਨਾਂ ਵੱਲੋਂ ਪਿੰਡ ਬਾਲਿਓ ਵਿੱਚ ਲੈਂਡ ਪੂਲਿੰਗ ਨੀਤੀ ਖਿਲਾਫ਼ ਟਰੈਕਟਰ ਮਾਰਚ ਕੱਢਦੇ ਹੋਏ ਇਸ ਨੀਤੀ ਖਿਲਾਫ਼ ਆਪਣਾ ਵਿਰੋਧ ਦਰਜ਼ ਕਰਵਾਇਆ ਗਿਆ। ਰੋਸ ਮਾਰਚ ਵਿਚ 300 ਦੇ ਕਰੀਬ ਟਰੈਕਟਰ ਸ਼ਾਮਲ ਸਨ। ਰੋਸ ਪ੍ਰਦਸ਼ਨ ਦੀ ਅਗਵਾਈ ਕਰਨ ਲਈ ਸੰਯੂਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਬੀ.ਕੇ.ਯੂ. (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਅੱਜ ਸਵੇਰੇ ਨੇੜਲੇ ਪਿੰਡ ਬਾਲਿਓ ਵਿੱਚ ਖੁਦ ਟਰੈਕਟਰ ਲੈਕੇ ਲੈਂਡ ਪੂਲਿੰਗ ਨੀਤੀ ਖਿਲਾਫ਼ ਰੋਸ ਮਾਰਚ ਕਰਨ ਲਈ ਪਹੁੰਚੇ, ਉਨ੍ਹਾਂ ਰੋਸ ਮਾਰਚ ਦੀ ਅਗਵਾਈ ਕੀਤੀ, ਜਿੱਥੋਂ ਦੇ ਕਿਸਾਨ ਆਪਣੀ ਜ਼ਮੀਨ ਨੂੰ ਐਕਵਾਇਰ ਹੋਣ ਤੋਂ ਬਚਾਉਣ ਲਈ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ। ਸ. ਰਾਜੇਵਾਲ ਨੇ ਐਲਾਨ ਕੀਤਾ ਕਿ, ਪੰਜਾਬ ਦੀ ਇੱਕ ਇੰਚ ਜ਼ਮੀਨ ਵੀ ਐਕੁਆਇਰ ਨਹੀਂ ਹੋਣ ਦਿੱਤੀ ਜਾਵੇਗੀ, ਭਾਵੇ ਇਸ ਦੇ ਲਈ ਸਾਨੂੰ ਜਿੰਨੀ ਮਰਜੀ ਵੱਡੀ ਲੜ੍ਹਾਈ ਲੜ੍ਹਨੀ ਪੈ ਜਾਵੇ, ਪਰ ਅਸੀਂ ਸੂਬੇ ਦੇ ਪਿੰਡਾਂ ਨੂੰ ਉਜਾੜੇ ਤੋਂ ਬਚਾ ਕੇ ਹੀ ਹੁਣ ਸਾਹ ਲਵਾਂਗੇ। ਉਨ੍ਹਾਂ ਲੈਂਡ ਪੂਲਿੰਗ ਨੀਤੀ ਨੂੰ ਪੰਜਾਬ ਅਤੇ ਕਿਸਾਨ ਵਿਰੋਧੀ ਕਰਾਰ ਦਿੰਦਿਆ ਆਖਿਆ ਕਿ, ਜ਼ਮੀਨਾਂ ਐਕਵਾਇਰ ਹੋਣ ਨਾਲ 20 ਹਜ਼ਾਰ ਕਿਸਾਨ ਪਰਿਵਾਰਾਂ ਦੇ ਉਜਾੜੇ ਤੋਂ ਇਲਾਵਾ ਇਨ੍ਹਾਂ ਪਿੰਡਾਂ ਦੇ ਲੱਖਾਂ ਮਜ਼ਦੂਰ ਅਤੇ ਹੋਰ ਲੋਕ ਵਿਹਲੇ ਹੋ ਜਾਣਗੇ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਅਤੇ ਜ਼ਿਲਾ ਪ੍ਰਧਾਨ ਮਨਜੀਤ ਸਿੰਘ ਢੀਡਸਾ ਨੇ ਆਖਿਆ ਕਿ, ਕਿਸਾਨਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਜਬਰਦਸਤੀ ਲੈਣ ਦਾ ਮਨਸੂਬਾ ਬਣਾਈ ਬੈਠੀ ਸਰਕਾਰ ਨੂੰ ਭਾਰੀ ਵਿਰੋਧ ਅੱਗੇ ਝੁਕਣਾ ਪਵੇਗਾ। ਉਨ੍ਹਾਂ ਆਖਿਆ ਕਿ ਇਕ ਵੀ ਕਿਸਾਨ ਆਪਣੀ ਜ਼ਮੀਨ ਦੇਣ ਲਈ ਤਿਆਰ ਨਹੀਂ ਹੈ ਅਤੇ ਜੇਕਰ ਸਰਕਾਰ ਤੇ ਪ੍ਰਸਾਸ਼ਨ ਜਬਰੀ ਜਮੀਨਾਂ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਹਾਲਾਤ ਖਰਾਬ ਵੀ ਹੋ ਸਕਦੇ ਹਨ। ਇਸ ਲਈ ਪੰਜਾਬ ਅਤੇ ਕਿਸਾਨਾਂ ਦੇ ਭਲੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਖੁਦ ਅੱਗੇ ਆਕੇ ਇਸ ਨੀਤੀ ਨੂੰ ਰੱਦ ਕਰਨ ਦੇ ਫੈਸਲੇ ਦਾ ਐਲਾਨ ਕਰਨਾ ਚਾਹੀਦਾ ਹੈ, ਤਾਕਿ ਸੂਬੇ ਪਿੰਡਾਂ ਦੇ ਪਿੰਡਾਂ ਨੂੰ ਉਜਾੜੇ ਤੋਂ ਬਚਾਇਆ ਜਾ ਸਕੇ।