ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੱਥਰ ਸੁੱਟ ਕੇ ਖੱਡੇ ਭਰਨਾ ਭੁੱਲੀ ਟੌਲ ਕੰਪਨੀ

ਸਰਵਿਸ ਲੇਨ ਨਾ ਬਣਾਉਣ ’ਤੇ ਚੌਕੀਮਾਨ ਟੌਲ ਪਰਚੀ ਮੁਕਤ ਕਰਨ ਦੀ ਤਾੜਨਾ
ਪੁਲ ਦੇ ਪਾਸਿਓਂ ਲੰਘਦੀ ਸਰਵਿਸ ਲੇਨ ਦੇ ਖੱਡੇ ਭਰਦੇ ਹੋਏ ਕਿਸਾਨ ਨੁਮਾਇੰਦੇ।
Advertisement
ਇਥੇ ਹਾਈਵੇਅ ਸਥਿਤ ਮੁੱਖ ਬਾਜ਼ਾਰ ਵਿੱਚੋਂ ਲੰਘਦੇ ਪੁਲ ਦੇ ਦੋਵੇਂ ਪਾਸੇ ਖੱਡੇ ਭਰਨ ਲਈ ਪੱਥਰ ਸੁੱਟ ਕੇ ਭੁੱਲੀ ਟੌਲ ਕੰਪਨੀ ਨੂੰ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਨਾ ਸਿਰਫ ਗਲਤੀ ਤੇ ਅਣਗਹਿਲੀ ਦਾ ਅਹਿਸਾਸ ਹੀ ਕਰਾਇਆ, ਸਗੋਂ ਸਖ਼ਤ ਤਾੜਨਾ ਵੀ ਜਾਰੀ ਕਰ ਦਿੱਤੀ। ਲੰਘੀ 28 ਅਗਸਤ ਨੂੰ ਜਥੇਬੰਦੀ ਨੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਚੌਕੀਮਾਨ ਟੌਲ ਦੋ ਘੰਟੇ ਲਈ ਪਰਚੀ ਮੁਕਤ ਕਰਕੇ ਹਾਦਸਿਆਂ ਦਾ ਕਾਰਨ ਬਣਦੇ ਖੱਡੇ ਭਰਨ ਤੇ ਸਰਵਿਸ ਲੇਨ ਬਣਾਉਣ ਦੀ ਮੰਗ ਰੱਖੀ ਸੀ। ਇਸ ਤੋਂ ਅਗਲੇ ਦਿਨ ਹੀ ਕੰਪਨੀ ਨੇ ਮੁੱਲਾਂਪੁਰ ਦਾਖਾ ਦੇ ਕੌਮੀ ਸ਼ਾਹਰਾਹ ਸਥਿਤ ਪੁਲ ਦੇ ਪਾਸਿਆਂ ’ਤੇ ਪਏ ਵੱਡੇ ਖੱਡੇ ਭਰਨ ਲਈ ਪੱਥਰਾਂ ਦਾ ਟਰੱਕ ਉਥੇ ਸੁੱਟ ਦਿੱਤਾ ਸੀ। ਪਰ ਦਸ ਦਿਨ ਬੀਤ ਜਾਣ ਮਗਰੋਂ ਵੀ ਜਦੋਂ ਇਹ ਪੱਥਰ ਓਵੇਂ ਪਏ ਰਹੇ ਅਤੇ ਟੌਲ ਵਸੂਲਣ ਵਾਲੀ ਕੰਪਨੀ ਵੀ ਇਹ ਸੁੱਟ ਕੇ ਭੁੱਲ ਗਈ ਤਾਂ ਬੀਕੇਯੂ (ਡਕੌਂਦਾ) ਦੇ ਕਿਸਾਨ ਆਗੂਆਂ ਨੇ ਅੱਜ ਪਿੰਡਾਂ ਵਿੱਚੋਂ ਮਿੱਟੀ ਦੀਆਂ ਟਰਾਲੀਆਂ ਲਿਆ ਕੇ ਇਹ ਖੱਡੇ ਭਰੇ। ਇਸ ਲਈ ਵਿਸ਼ੇਸ਼ ਤੌਰ ’ਤੇ ਇਕ ਜੇਸੀਬੀ ਵੀ ਲਿਆਂਦੀ ਗਈ ਜਿਸ ਦੀ ਮਦਦ ਨਾਲ ਮਿੱਟੀ ਪਾ ਕੇ ਰਸਤਾ ਪੱਧਰਾ ਕੀਤਾ ਗਿਆ। ਇਸ ਦੇ ਨਾਲ ਹੀ ਟੌਲ ਕੰਪਨੀ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦੇ ਦਿੱਤੀ ਕਿ ਜੇ ਸਰਵਿਸ ਲੇਨ ਨਾ ਬਣਾਈਆਂ ਤਾਂ ਟੌਲ ’ਤੇ ਪੱਕਾ ਮੋਰਚਾ ਲਾ ਕੇ ਇਸਨੂੰ ਸਮੱਸਿਆ ਦੇ ਹੱਲ ਹੋਣ ਤਕ ਪਰਚੀ ਮੁਕਤ ਰੱਖਿਆ ਜਾਵੇਗਾ। ਭਲਕ ਹੋਣ ਵਾਲੀ ਜਥੇਬੰਦੀ ਦੀ ਮੀਟਿੰਗ ਇਸ ਸੰਘਰਸ਼ ਸਬੰਧੀ ਬਾਕਾਇਦਾ ਐਲਾਨ ਹੋ ਸਕਦਾ ਹੈ। ਮਿੱਟੀ ਪਾ ਕੇ ਸੜਕ ਦੇ ਖੱਡੇ ਆਪਣੇ ਤੌਰ ’ਤੇ ਭਰਨ ਸਮੇਂ ਮੌਜੂਦ ਅਮਨਦੀਪ ਸਿੰਘ, ਬਲਾਕ ਪ੍ਰਧਾਨ ਰਣਵੀਰ ਸਿੰਘ ਰੁੜਕਾ, ਰਾਜਾ ਭਨੌੜ, ਜਗਰਾਜ ਸਿੰਘ ਸੇਖੋਂ, ਸਤਨਾਮ ਸਿੰਘ ਸੇਖੋਂ ਨੇ ਕਿਹਾ ਕਿ ਇਸ ਤੋਂ ਬਾਅਦ ਕੋਈ ਸਮਾਂ ਨਹੀਂ ਦਿੱਤਾ ਜਾਵੇਗਾ। ਬਾਰਸ਼ਾਂ ਮਗਰੋਂ ਹੁਣ ਮੌਸਮ ਵੀ ਠੀਕ ਹੈ ਜਿਸ ਕਰਕੇ ਟੌਲ ਵਸੂਲਣ ਵਾਲੀ ਕੰਪਨੀ ਕੋਈ ਬਹਾਨਾ ਵੀ ਨਹੀਂ ਬਣਾ ਸਕਦੀ। ਇਸ ਲਈ ਬਿਨਾਂ ਦੇਰੀ ਪੁਲਾਂ ਦੇ ਨਾਲ ਸਾਰੀਆਂ ਸਰਵਿਸ ਲੇਨਾਂ ਬਣਾਈਆਂ ਜਾਣ ਜਿਨ੍ਹਾਂ ਦੀ ਹਾਲਤ ਬਹੁਤ ਖਸਤਾ ਹੈ। ਇਹ ਟੁੱਟੀਆਂ ਸੜਕਾਂ ਤੇ ਖੱਡੇ ਹਾਦਸਿਆਂ ਦਾ ਕਾਰਨ ਬਣਦੇ ਹਨ। ਟੌਲ ਕੰਪਨੀ ਟਾਲਮਟੋਲ ਕਰਕੇ ਡੰਗ ਟਪਾਉਣ ਲੱਗੀ ਹੋਈ ਹੈ ਜੋ ਹੁਣ ਨਹੀਂ ਚੱਲਣਾ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਕੇ ਜੇ ਸਮੱਸਿਆ ਹੱਲ ਨਾ ਕੀਤੀ ਤਾਂ ਟੌਲ ਨੂੰ ਪਰਚੀ ਮੁਕਤ ਕਰਨ ਲਈ ਕਿਸਾਨ ਤੇ ਆਮ ਲੋਕ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ, ਪ੍ਰਸ਼ਾਸਨ ਅਤੇ ਟੌਲ ਕੰਪਨੀ ਦੀ ਹੋਵੇਗੀ। ਇਸ ਸਮੇਂ ਸੁਖਦੀਪ ਸਿੰਘ, ਇੰਦਰਪਾਲ ਸਿੰਘ, ਆਲਮ ਗਹੌਰ, ਕਰਮਿੰਦਰ ਸਿੰਘ ਬੰਟੂ ਵੀ ਮੌਜੂਦ ਸਨ।

 

Advertisement

 

 

Advertisement
Show comments