ਭਾਈ ਮਤੀ ਦਾਸ, ਸਤੀ ਦਾਸ ਤੇ ਦਿਆਲਾ ਜੀ ਦੀਆਂ ਸ਼ਹਾਦਤਾਂ ਬਾਰੇ ਦੱਸਿਆ
ਸਨਮਤੀ ਸਰਕਾਰੀ ਸਾਇੰਸ ਤੇ ਖੋਜ ਕਾਲਜ ਵਿੱਚ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਦੀ ਲੜੀ ਵਿੱਚ ਅੱਜ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਬਲਿਦਾਨ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਕਾਲਜ ਡਾਇਰੈਕਟਰ ਪ੍ਰੋ. ਗੁਰਜਿੰਦਰ ਕੌਰ ਬਰਾੜ ਦੀ ਅਗਵਾਈ ਹੇਠ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖ ਸ਼ਹੀਦਾਂ ਦੀਆਂ ਸ਼ਹਾਦਤਾਂ ਅਤੇ ਧਰਮ ਲਈ ਅਟੱਲ ਸਮਰਪਣ ਬਾਰੇ ਜਾਣੂ ਕਰਾਉਣਾ ਸੀ। ਸਿੱਖ ਮਿਸ਼ਨਰੀ ਕਾਲਜ ਤੋਂ ਪਹੁੰਚੇ ਜਸਬੀਰ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਗੁਰਜੀਤ ਕੌਰ ਨੇ ਵੀ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਮੁੱਖ ਬੁਲਾਰੇ ਨੇ ਕਿਹਾ ਕਿ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਉਹ ਸੁਨਹਿਰਾ ਅਧਿਆਏ ਹੈ ਜਿਸ ਨੇ ਮਾਨਵਤਾ, ਸੱਚ ਅਤੇ ਧਰਮ ਦੀ ਰੱਖਿਆ ਲਈ ਬੇਮਿਸਾਲ ਉਦਾਹਰਨ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨਾਲ ਇਹ ਤਿੰਨੇ ਸਿੰਘਾਂ ਨੇ ਜੋ ਧਰਮ ਦੀ ਖ਼ਾਤਰ ਕੁਰਬਾਨੀ ਦਿੱਤੀ, ਉਹ ਸਦੀਵੀ ਯਾਦ ਰਹਿਣ ਵਾਲੀ ਹੈ। ਉਨ੍ਹਾਂ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਬਾਰੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸੈਮੀਨਾਰ ਵਿੱਚ ਗੁਰਜੀਤ ਕੌਰ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸਾਰੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸ਼ਲੋਕ, ਉਪਦੇਸ਼, ਨੈਤਿਕ ਮੁੱਲਾਂ, ਪੰਜ ਵਿਕਾਰ ਅਤੇ ਗੁਰਬਾਣੀ ਦੇ ਸਿਧਾਂਤਾਂ ਬਾਰੇ ਚਰਚਾ ਕੀਤੀ। ਇਸ ਮੌਕੇ ਵਾਈਸ ਡਾਇਰੈਕਟਰ ਪ੍ਰੋਫੈਸਰ ਨਿਧੀ ਮਹਾਜਨ, ਡਾ. ਸਰਬਦੀਪ ਕੌਰ ਸਿੱਧੂ, ਸੁਮੀਤ ਸੋਨੀ, ਸਾਹਿਲ ਜਿੰਦਲ, ਚਰਨਜੀਤ ਕੌਰ, ਦਿਕਸ਼ਾ ਗਰਗ, ਭੁਪਿੰਦਰ ਕੌਰ, ਆਕਾਸ਼ਦੀਪ ਕੌਰ, ਗਗਨਦੀਪ ਕੌਰ, ਸੋਨਮ, ਡਾ. ਗੁਰਪ੍ਰੀਤ ਸਿੰਘ ਅਤੇ ਅਮਰਿੰਦਰ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
