ਹੜ੍ਹ ਪੀੜਤ ਕਿਸਾਨਾਂ ਲਈ ਬੀਜ ਦੇ ਤਿੰਨ ਟਰੱਕ ਭੇਜੇ
ਹੜ੍ਹ ਪੀੜਤ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਦੇ ਸੁਧਰੇ ਬੀਜ ਮੁਹੱਈਆ ਕਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਸੱਦੇ ਅਨੁਸਾਰ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਵੱਲੋਂ ਹਲਕੇ ਦੇ ਲੋਕਾਂ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਰਾਏਕੋਟ ਤੋਂ ਤਿੰਨ ਟਰੱਕ ਰਵਾਨਾ ਕੀਤੇ ਗਏ। ਜਥੇਦਾਰ ਜਗਜੀਤ ਸਿੰਘ ਤਲਵੰਡੀ ਅਤੇ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸੰਕਟ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ੍ਹ ਪੀੜਤਾਂ ਦੀ ਬਾਂਹ ਫੜਨ ਲਈ ਸੂਬੇ ਵਿੱਚ ਮੁਹਿੰਮ ਅਰੰਭੀ ਗਈ ਸੀ।
ਅਕਾਲੀ ਆਗੂਆਂ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਰਾਏਕੋਟ ਦੇ ਸਰਕਲ ਆਂਡਲੂ, ਤਲਵੰਡੀ ਰਾਏ, ਬੱਸੀਆਂ, ਗੁਰੂਸਰ ਸੁਧਾਰ, ਪੱਖੋਵਾਲ ਅਤੇ ਸ਼ਹਿਰੀ ਸਰਕਲ ਰਾਏਕੋਟ ਦੇ ਅਕਾਲੀ ਵਰਕਰਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਹਜ਼ਾਰਾਂ ਏਕੜ ਬਿਜਾਈ ਲਈ ਕਣਕ ਦਾ ਬੀਜ ਲੋੜਵੰਦ ਕਿਸਾਨਾਂ ਦੀ ਮਦਦ ਲਈ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੇ ਸਾਰੇ ਵਾਅਦੇ ਖੋਖਲੇ ਹੀ ਸਾਬਤ ਹੋਏ ਹਨ। ਇਸ ਮੌਕੇ ਜਥੇਦਾਰ ਗੁਰਮੇਲ ਸਿੰਘ ਆਂਡਲੂ, ਜਥੇਦਾਰ ਇੰਦਰਜੀਤ ਸਿੰਘ ਗੋਂਦਵਾਲ, ਪ੍ਰਭਜੋਤ ਸਿੰਘ ਧਾਲੀਵਾਲ, ਜਥੇਦਾਰ ਗੁਰਚੀਨ ਸਿੰਘ ਰੱਤੋਵਾਲ, ਪ੍ਰਧਾਨ ਸੁਖਰਾਜ ਸਿੰਘ ਮਹੇਰਨਾ, ਪ੍ਰਿਤਪਾਲ ਸਿੰਘ ਬਾਘਾ, ਚੇਅਰਮੈਨ ਮੇਹਰ ਸਿੰਘ ਸੁਧਾਰ, ਪ੍ਰਧਾਨ ਤਰਨਜੀਤ ਸਿੰਘ ਬਿੱਟੂ ਤਲਵੰਡੀ ਮੌਜੂਦ ਸਨ।
 
 
             
            