ਮੀਂਹ ਕਾਰਨ ਤਿੰਨ-ਮੰਜ਼ਿਲਾ ਇਮਾਰਤ ਡਿੱਗੀ
ਇੱਥੇ ਲਗਾਤਾਰ ਹੋ ਰਹੀ ਬਾਰਿਸ਼ ਹੁਣ ਲੋਕਾਂ ਲਈ ਮੁਸੀਬਤ ਬਣਦੀ ਜਾ ਰਹੀ ਹੈ। ਜਿੱਥੇ ਪੂਰਾ ਸ਼ਹਿਰ ਪਾਣੀ ਵਿੱਚ ਡੁੱਬਿਆ ਹੋਇਆ ਸੀ, ਉੱਥੇ ਹੀ ਮੁਹੱਲਾ ਨੌਘਰਾ ਸਥਿਤ ਇੱਕ ਤਿੰਨ ਮੰਜ਼ਿਲਾ ਪੂਰੀ ਇਮਾਰਤ ਢਹਿ ਢੇਰੀ ਹੋ ਗਈ। ਇਹ ਇਮਾਰਤ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਦਾ ਜੱਦੀ ਘਰ ਦੱਸਿਆ ਜਾ ਰਿਹਾ ਹੈ। ਨੌਘਰਾ ਮੁਹੱਲਾ ਵਿੱਚ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਦੇ ਨੇੜੇ ਬਣੀ ਤਿੰਨ ਮੰਜ਼ਿਲਾ ਇਮਾਰਤ ਛੋਟੀਆਂ ਇੱਟਾਂ ਦੀ ਬਣੀ ਹੋਈ ਹੈ। ਇਹ ਬਹੁਤ ਪੁਰਾਣਾ ਘਰ ਸੀ। ਇਮਾਰਤ ਦੇ ਉਸ ਹਿੱਸੇ ਵਿੱਚ ਕੋਈ ਨਹੀਂ ਰਹਿੰਦਾ ਸੀ, ਪਰ ਕੰਪਨੀ ਦੇ ਅਧਿਕਾਰੀ ਇਸ ਇਮਾਰਤ ਨੂੰ ਦੇਖਣ ਆਉਂਦੇ ਸਨ ਜੋ ਪਿਛਲੇ ਕਈ ਸਾਲਾਂ ਤੋਂ ਖਾਲੀ ਪਈ ਸੀ। ਬਿਲਡਿੰਗ ਡਿੱਗਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਗਏ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਲਾਕੇ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਦੇ ਬਜ਼ੁਰਗ ਨੌਘਰਾ ਮੁਹੱਲੇ ਵਿੱਚ ਰਹਿੰਦੇ ਸਨ। ਇਹ ਇਮਾਰਤ ਲਗਪਗ ਚਾਰ ਤੋਂ ਪੰਜ ਸੌ ਗਜ਼ ਵਿੱਚ ਹੈ। ਪਿਛਲੇ ਹਿੱਸੇ ਵਿੱਚ ਕਿਰਾਏਦਾਰ ਕਾਫ਼ੀ ਪੁਰਾਣੇ ਹਨ। ਬਾਕੀ ਹਿੱਸਾ ਖਾਲੀ ਪਿਆ ਹੈ। ਲੰਬੇ ਸਮੇਂ ਤੋਂ ਖਾਲੀ ਰਹਿਣ ਕਾਰਨ ਇਹ ਇਮਾਰਤ ਖੰਡਰ ਹੋ ਗਈ ਸੀ। ਕੰਪਨੀ ਦੇ ਅਧਿਕਾਰੀ ਇਸਨੂੰ ਦੇਖਣ ਆਉਂਦੇ ਸਨ ਅਤੇ ਚਲੇ ਜਾਂਦੇ ਸਨ। ਪਰ ਇਸਦੀ ਨਾ ਤਾਂ ਮੁਰੰਮਤ ਕੀਤੀ ਗਈ ਅਤੇ ਨਾ ਹੀ ਇਸਨੂੰ ਕਿਸੇ ਨੂੰ ਕਿਰਾਏ ’ਤੇ ਦਿੱਤਾ ਗਿਆ। ਜਦੋਂ ਆਨੰਦ ਮਹਿੰਦਰਾ ਦੇ ਬਜ਼ੁਰਗਾਂ ਨੇ ਮਹਿੰਦਰਾ ਕੰਪਨੀ ਸ਼ੁਰੂ ਕੀਤੀ ਤਾਂ ਵਧਦੇ ਕਾਰੋਬਾਰ ਕਾਰਨ ਉਨ੍ਹਾਂ ਨੂੰ ਲੁਧਿਆਣਾ ਛੱਡ ਕੇ ਦਿੱਲੀ ਸ਼ਿਫਟ ਹੋਣਾ ਪਿਆ। ਉਸ ਤੋਂ ਬਾਅਦ ਕਾਰੋਬਾਰ ਵਿੱਚ ਲਗਾਤਾਰ ਵਾਧੇ ਕਾਰਨ, ਉਨ੍ਹਾਂ ਨੇ ਲੁਧਿਆਣਾ ਵਿੱਚ ਜੱਦੀ ਘਰ ਬੰਦ ਛੱਡ ਦਿੱਤਾ। ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਸ਼ੋਕ ਥਾਪਰ ਨੇ ਦੱਸਿਆ ਕਿ ਇਹ ਘਰ ਕਈ ਸਾਲਾਂ ਤੋਂ ਬੰਦ ਹੈ। ਇਹ ਛੋਟੀਆਂ ਇੱਟਾਂ ਤੋਂ ਬਣਿਆ ਹੈ ਜਿਨ੍ਹਾਂ ਨੂੰ ਨਾਨਕਸ਼ਾਹੀ ਇੱਟਾਂ ਨਾਲ ਬਣਿਆ ਘਰ ਕਿਹਾ ਜਾਂਦਾ ਸੀ। ਆਨੰਦ ਮਹਿੰਦਰਾ ਦੇ ਬਜ਼ੁਰਗ ਇਸ ਘਰ ਵਿੱਚ ਰਹਿੰਦੇ ਸਨ। ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੀ ਕੰਪਨੀ ਦੇ ਅਧਿਕਾਰੀਆਂ ਨਾਲ ਸੰਪਰਕ ਕਰਦਿਆਂ ਇਸਨੂੰ ਵੇਚਣ ਲਈ ਕਿਹਾ ਸੀ, ਪਰ ਹਰ ਵਾਰ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ ਗਿਆ।