ਔਰਤ ਸਣੇ ਤਿੰਨ ਤਸਕਰ ਗ੍ਰਿਫ਼ਤਾਰ
ਇਥੇ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਨੇ ਵੱਖ-ਵੱਖ ਤਿੰਨ ਥਾਂਵਾ ਤੋਂ ਔਰਤ ਤਸਕਰ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਨਾਜਾਇਜ਼ ਸ਼ਰਾਬ, ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਡੀ ਐੱਸ ਪੀ (ਡੀ) ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਰਾਬ ਤਸਕਰ ਕੁਲਦੀਪ ਸਿੰਘ ਉਰਫ ਦੀਪ ਵਾਸੀ ਪਿੰਡ ਪਰਜੀਆਂ ਬਿਹਾਰੀਪੁਰ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਪਿੰਡ ਗਾਲਿਬ ਕਲਾਂ ਤੋਂ ਗਾਲਿਬ ਰਣ ਸਿੰਘ ਨੂੰ ਘਰ ਦੀ ਕਸੀਦ ਕੀਤੀ ਸ਼ਰਾਬ ਕੇਨੀ ਵਿੱਚ ਪਾ ਕੇ ਪੈਦਲ ਹੀ ਵੇਚਣ ਲਈ ਜਾ ਰਿਹਾ ਸੀ। ਉਸ ਕੋਲੋਂ 15 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਥਾਣਾ ਸਿੱਧਵਾਂ ਬੇਟ ’ਚ ਤਾਇਨਾਤ ਹੈੱਡ ਕਾਂਸਟੇਬਲ ਵਰਿੰਦਰ ਕੁਮਾਰ ਦੀ ਟੀਮ ਨੇ ਪਿੰਡ ਭੂੰਦੜੀ ਕੋਲੋਂ ਗੁਪਤ ਸੂਤਰਾਂ ਦੇ ਅਧਾਰ ’ਤੇ ਇਲਾਕੇ ’ਚ ਸਰਗਰਮ ਔਰਤ ਤਸਕਰ ਪਰਮਜੀਤ ਕੌਰ ਉਰਫ ਪੰਮੀ ਵਾਸੀ ਕੁੱਲ ਗਹਿਣਾ ਨੂੰ ਗ੍ਰਿਫਤਾਰ ਕੀਤਾ। ਉਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਪਰਮਜੀਤ ਕੌਰ ਪੰਮੀ ਖਿਲਾਫ ਨਸ਼ਾ ਤਸਕਰੀ ਦੇ ਤਿੰਨ ਹੋਰ ਕੇਸ ਵੀ ਦਰਜ ਹਨ। ਥਾਣਾ ਹਠੂਰ ਦੇ ਸਬ-ਇੰਸਪੈਕਟਰ ਜਗਜੀਤ ਸਿੰਘ ਨੇ ਇਲਾਕੇ ’ਚ ਗਸ਼ਤ ਦੌਰਾਨ ਨਸ਼ਾ ਤਸਕਰ ਗੁਰਪ੍ਰੀਤ ਸਿੰਘ ਉਰਫ ਗੌਰੀ ਵਾਸੀ ਪਿੰਡ ਰਸੂਲਪੁਰ ਨੂੰ ਪਿੰਡ ਮੱਲ੍ਹਾ-ਰਸੂਲਪੁਰ ਦੀ ਹੱਦ ਤੋਂ ਹਿਰਾਸਤ ਵਿੱਚ ਲੈ ਕੇ ਉਸ ਕੋੋਲੋਂ 4 ਗ੍ਰਾਮ ਹੈਰੋਇਨ ਅਤੇ 20 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ।ਤਿੰਨਾ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।