75 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਤਿੰਨ ਤਸਕਰ ਕਾਬੂ
ਇੱਥੋਂ ਦੀ ਪੁਲੀਸ ਨੇ ਚੰਡੀਗੜ੍ਹ ਮਾਰਕਾ ਦੀਆਂ 75 ਪੇਟੀਆਂ ਸਣੇ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਹੈ। ਡੀਐੱਸਪੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਐੱਸ ਐੱਸ ਪੀ ਖੰਨਾ ਜਯੋਤੀ ਯਾਦਵ ਬੈਂਸ ਦੀਆਂ ਸਖਤ ਹਦਾਇਤਾਂ ’ਤੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਐੱਸ ਐੱਚ ਓ ਪਾਇਲ ਸੁਖਵਿੰਦਰਪਾਲ ਸਿੰਘ ਸੋਹੀ ਦੀ ਅਗਵਾਈ ਹੇਠ ਪਾਇਲ ਪੁਲੀਸ ਨੇ 75 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ ਬਰਾਮਦ ਕਰਕੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਥਾਣੇਦਾਰ ਸੁਰਜੀਤ ਸਿੰਘ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਸ਼ੇਰਜੰਗਦੀਪ ਸਿੰਘ ਉਰਫ ਗੋਗੀ, ਯਾਦਵਿੰਦਰ ਸਿੰਘ ਉਰਫ ਰਿੰਪੀ ਵਾਸੀ ਕਟਾਹਰੀ ਅਤੇ ਰਾਜਿੰਦਰ ਕੁਮਾਰ ਵਾਸੀ ਭੁੱਟਾ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ, ਜੋ ਪਿੰਡ ਕਟਾਹਰੀ ’ਚ ਪਸ਼ੂਆਂ ਵਾਲੇ ਵਾੜੇ ਵਿੱਚ ਰੱਖ ਕੇ ਸ਼ਰਾਬ ਵੇਚ ਰਹੇ ਹਨ। ਪੁਲੀਸ ਨੇ ਛਾਪਾ ਮਾਰ ਕੇ ਮੁਲਜ਼ਮਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ 42 ਪੇਟੀਆਂ ਸ਼ਰਾਬ ਮਾਰਕਾ ਚੰਡੀਗੜ੍ਹ 999 ਵਿਸਕੀ, 20 ਪੇਟੀਆਂ ਜੰਨਤ ਮਸਤ ਸੌਂਫੀ ਮਾਰਕਾ ਚੰਡੀਗੜ੍ਹ, 10 ਪੇਟੀਆਂ ਸ਼ਾਨਦਾਰ ਸੌਂਪੀ ਅਤੇ 3 ਪੇਟੀਆਂ ਸਟਾਰ ਗੋਲਡ ਦੀਆਂ ਬਰਾਮਦ ਕੀਤੀਆਂ ਹਨ। ਰਾਜਿੰਦਰ ਕੁਮਾਰ ਨੂੰ ਐਕਸ ਯੂ ਵੀ ਗੱਡੀ ਪੀਬੀ 29 ਪੀ 5987 ਸਣੇ ਕਾਬੂ ਕੀਤਾ ਹੈ ਜਿਸ ਰਾਹੀਂ ਸ਼ਰਾਬ ਦੀ ਸਪਲਾਈ ਕੀਤੀ ਜਾਂਦੀ ਸੀ। ਥਾਣਾ ਪਾਇਲ ਅੰਦਰ ਮੁਲਜ਼ਮਾਂ ਖ਼ਿਲਾਫ਼ ਐਕਸਾਈਜ ਐਕਟ 61/1/14 ਈ ਐਕਸ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਸ ਮੌਕੇ ਐਕਸਾਈਜ ਇੰਸਪੈਕਟਰ ਮੇਜਰ ਸਿੰਘ, ਮੁਖ ਮੁਣਸ਼ੀ ਅਜੀਤ ਸਿੰਘ, ਥਾਣੇਦਾਰ ਪਵਨ ਕੁਮਾਰ ਵੀ ਮੌਜੂਦ ਸਨ।