ਪਠਾਨਕੋਟ ਦੇ ਕਾਰੋਬਾਰੀ ਨੂੰ ਲੁੱਟਣ ਵਾਲੇ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
ਪਠਾਨਕੋਟ ਤੋਂ ਬੱਸ ਰਾਹੀਂ ਥੋਕ ਬਾਜ਼ਾਰ ਗਾਂਧੀ ਨਗਰ ਮਾਰਕੀਟ ਵਿੱਚ ਖਰੀਦਦਾਰੀ ਕਰਨ ਆਏ ਅਸ਼ਵਨੀ ਕੁਮਾਰ ਤੋਂ ਇੱਕ ਆਟੋ ਗੈਂਗ ਦੇ ਮੈਂਬਰਾਂ ਵੱਲੋਂ ਇਕ ਲੱਖ ਰੁਪਏ ਲੁੱਟਣ ਦੇ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਨੇ ਕਾਰਵਾਈ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ ਚੋਰੀ ਕੀਤੇ 43 ਹਜ਼ਾਰ ਰੁਪਏ ਅਤੇ ਵਾਰਦਾਤ ਵਿੱਚ ਵਰਤਿਆ ਆਟੋ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਸਲੇਮ ਟਾਬਰੀ ਵਾਸੀ ਰਵੀ ਕੁਮਾਰ, ਉਪਕਾਰ ਸਿੰਘ ਅਤੇ ਲਲਹੇੜੀ ਰੋਡ ਖੰਨਾ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਤਿੰਨਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਅਸ਼ਵਨੀ ਕੁਮਾਰ ਰੈਡੀਮੇਡ ਕੱਪੜਿਆਂ ਦਾ ਕਾਰੋਬਾਰੀ ਹੈ, ਕੁਝ ਦਿਨ ਪਹਿਲਾਂ ਉਹ ਪਠਾਨਕੋਟ ਤੋਂ ਗਾਂਧੀ ਨਗਰ ਮਾਰਕੀਟ ਵਿੱਚ ਇੱਕ ਲੱਖ ਰੁਪਏ ਲੈ ਕੇ ਖਰੀਦਦਾਰੀ ਲਈ ਆਇਆ ਸੀ। ਉਹ ਆਪਣੇ ਭਤੀਜੇ ਨਾਲ ਲੁਧਿਆਣਾ-ਜਲੰਧਰ ਬਾਈਪਾਸ ’ਤੇ ਇੱਕ ਬੱਸ ਵਿੱਚ ਸਵਾਰ ਹੋਇਆ ਅਤੇ ਉੱਥੋਂ ਗਾਂਧੀ ਨਗਰ ਮਾਰਕੀਟ ਜਾ ਰਿਹਾ ਸੀ। ਰਸਤੇ ਵਿੱਚ ਮੁਲਜ਼ਮ ਨੇ ਉਸਦੀ ਜੇਬ ਵਿੱਚੋਂ ਇੱਕ ਲੱਖ ਰੁਪਏ ਚੋਰੀ ਕਰ ਲਏ ਅਤੇ ਆਟੋ ਲੈ ਕੇ ਭੱਜ ਗਿਆ। ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਕਰਨ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਰਵੀ ਦੀ ਪਛਾਣ ਕਰ ਲਈ, ਜਿਸ ਤੋਂ ਬਾਅਦ ਬਾਕੀ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਕਿਸੇ ਤੋਂ ਉਧਾਰ ਪੈਸੇ ਲਏ ਸਨ, ਉਨ੍ਹਾਂ ਨੇ ਉਸਦੇ ਪੈਸੇ ਮੋੜਨ ਦੇ ਚੱਕਰ ਵਿੱਚ ਇਹ ਲੁੱਟ ਕੀਤੀ।