ਸੁਧਾਰ ਬਾਜ਼ਾਰ ਦੀ ਬਸਤੀ ’ਚ ਤਿੰਨ ਦਰਜਨ ਪਰਿਵਾਰ ਬਿਮਾਰ
ਕਰੀਬ ਦੋ ਹਫ਼ਤੇ ਲਗਾਤਾਰ ਪਈ ਬਰਸਾਤ ਤੋਂ ਬਾਅਦ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇੱਥੇ ਨਵੀਂ ਅਬਾਦੀ ਅਕਾਲਗੜ੍ਹ (ਸੁਧਾਰ ਬਾਜ਼ਾਰ) ਦੀ ਸਰਵਣ ਬਿਲਡਿੰਗ ਵਿੱਚ ਰਹਿਣ ਵਾਲੇ ਤਿੰਨ ਦਰਜਨ ਪਰਿਵਾਰ ਹੁਣ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗੇ ਹਨ। ਕਰੀਬ ਛੇ ਦਹਾਕੇ ਪਹਿਲਾਂ ਬਣੀ ਸਰਵਣ ਬਿਲਡਿੰਗ ਵਿੱਚ ਰਹਿਣ ਵਾਲੇ ਤਿੰਨ ਦਰਜਨ ਤੋਂ ਵਧੇਰੇ ਪਰਿਵਾਰ ਜਿਹੜੇ ਜ਼ਿਆਦਾਤਰ ਕਿਰਾਏਦਾਰ ਹਨ, ਗ਼ਰੀਬੀ ਕਾਰਨ ਛੋਟੇ-ਛੋਟੇ ਕਮਰਿਆਂ ਵਿੱਚ ਰਹਿਣ ਲਈ ਮਜਬੂਰ ਹਨ। ਬਸਤੀ ਦੇ ਵਸਨੀਕ ਸ਼ੇਰ ਸਿੰਘ, ਸੁਖਦੇਵ ਸਿੰਘ, ਮਨਸੂਰ ਅਲੀ, ਮੁਹੰਮਦ ਕਲਾਮ, ਮੁਹੰਮਦ ਮਤੀਨ, ਮੁਹੰਮਦ ਜਵਾਰ, ਚਾਂਦ ਪ੍ਰਕਾਸ਼, ਅਤੇ ਕੱਲੂ ਹਲਵਾਈ ਨੇ ਸੜ੍ਹਾਂਦ ਮਾਰਦੇ ਗੰਦੇ ਪਾਣੀ ਨੂੰ ਦਿਖਾਉਂਦਿਆਂ ਕਿਹਾ ਕਿ ਨੌਜਵਾਨ, ਮਰਦ-ਔਰਤਾਂ ਅਤੇ ਛੋਟੇ ਬੱਚੇ ਪਿਛਲੇ ਕੁਝ ਦਿਨਾਂ ਤੋਂ ਬੁਖ਼ਾਰ, ਉਲਟੀਆਂ-ਦਸਤ ਅਤੇ ਸੈੱਲ ਘਟਣ ਸਮੇਤ ਲਾਗ ਦੀਆਂ ਹੋਰ ਬਿਮਾਰੀਆਂ ਤੋਂ ਪੀੜਤ ਹਨ। ਇਸ ਗ਼ਰੀਬ ਬਸਤੀ ਵਿੱਚ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਲੋਕਾਂ ਨੇ ਦੱਸਿਆ ਕਿ ਟੁੱਟੀਆਂ ਨਾਲੀਆਂ-ਗਲ਼ੀਆਂ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਲਾਕੇ ਦਾ ਸਾਰਾ ਗੰਦਾ ਪਾਣੀ ਇੱਥੇ ਹੀ ਖੜ੍ਹਾ ਰਹਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮਾਰਗ ਉਪਰ ਦੁਕਾਨਦਾਰਾਂ ਅਤੇ ਮਾਲਕਾਂ ਵੱਲੋਂ ਮਿੱਟੀ ਭਰ ਕੇ ਨਿਕਾਸੀ ਨਾਲੀ ਬੰਦ ਹੀ ਕਰ ਦਿੱਤੀ ਗਈ ਹੈ। ਸਥਾਨਕ ਕਮਿਊਨਿਟੀ ਸਿਹਤ ਕੇਂਦਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਦਵਿੰਦਰ ਸੰਧੂ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਦੇ ਖ਼ੂਨ ਦੇ ਨਮੂਨੇ ਲਏ ਗਏ ਹਨ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰੋਕਥਾਮ ਲਈ ਦਵਾਈਆਂ ਦਾ ਛਿੜਕਾਅ ਵੀ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।
ਪਾਣੀ ਦੀ ਨਿਕਾਸੀ ਲਈ ਜਲਦ ਕਾਰਵਾਈ ਕਰਾਂਗੇ: ਸਰਪੰਚ
Advertisementਨਵੀਂ ਅਬਾਦੀ ਅਕਾਲਗੜ੍ਹ ਦੀ ਸਰਪੰਚ ਮਨਜੀਤ ਕੌਰ ਨੇ ਮੌਕੇ ਦਾ ਮੁਆਇਨਾ ਕਰਨ ਬਾਅਦ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਜਲਦ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਰਕਾਰ ਤੋਂ ਵਿਕਾਸ ਕਾਰਜਾਂ ਲਈ ਗਰਾਂਟ ਦੀ ਮੰਗ ਕੀਤੀ।