ਪੀ ਏ ਯੂ ’ਚ ਲੋਕਧਾਰਾ ਦੀ ਤਿੰਨ ਰੋਜ਼ਾ ਕਾਨਫਰੰਸ ਭਲਕ ਤੋਂ
11ਵੀਂ ਸਰਬ ਭਾਰਤੀ ਭਾਸ਼ਾ ਵਿਗਿਆਨ ਅਤੇ ਲੋਕਧਾਰਾ ਕਾਨਫਰੰਸ 8 ਤੋਂ 10 ਅਕਤੂਬਰ ਨੂੰ ਪੀਏਯੂ ਵਿਖੇ ਹੋ ਰਹੀ ਹੈ। ਇਸ ਦੇ ਉਦਘਟਨੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਦਮ ਭੂਸ਼ਣ ਡਾ. ਸਰਦਾਰਾ ਸਿੰਘ ਜੌਹਲ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਪਹੁੰਚ ਰਹੇ ਹਨ। ਇਸ ਦੇ ਸਮਾਪਤੀ ਸਮਾਰੋਹ ਵਿਚ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਡਾ ਸੁਰਜੀਤ ਪਾਤਰ ਚੇਅਰ, ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਕਾਨਫਰੰਸ ਨੂੰ ਪੰਜਾਬੀ ਲਿੰਗੂਇਸਟਿਕਸ ਐਸੋਸੀਏਸ਼ਨ, ਪਟਿਆਲ਼ਾ (ਸਭਿਆਚਾਰ ਮੰਤਰਾਲਾ, ਭਾਰਤ ਸਰਕਾਰ) ਅਤੇ ਭਾਰਤੀ ਭਾਸ਼ਾ ਸੰਸਥਾਨ, ਮੈਸੂਰ (ਸਿੱਖਿਆ ਮੰਤਰਾਲਾ, ਭਾਰਤ ਸਰਕਾਰ) ਸਹਿਯੋਗ ਦੇ ਰਹੀਆਂ ਹਨ। ਕਾਨਫਰੰਸ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਸੰਬੰਧਿਤ ਕਮੇਟੀ ਨਾਲ ਮੀਟਿੰਗ ਕੀਤੀ ਅਤੇ ਕਾਨਫਰੰਸ ਨਾਲ ਸੰਬੰਧਿਤ ਬਰੌਸ਼ਰ ਵੀ ਜਾਰੀ ਕੀਤੇ। ਤਿੰਨ ਦਿਨ ਚੱਲਣ ਵਾਲੀ ਇਸ ਕਾਨਫਰੰਸ ਦਾ ਵਿਸ਼ਾ ‘ਰਾਸ਼ਟਰ ਦੀ ਸਿਰਜਣਾ ਅਤੇ ਸਿੱਖਿਆ ਲਈ ਭਾਸ਼ਾ ਅਤੇ ਸਭਿਆਚਾਰ ਦਾ ਕਾਰਜ : ਕੌਮੀ ਸਿੱਖਿਆ ਨੀਤੀ 2020’ ਹੋਵੇਗਾ। ਕਾਨਫਰੰਸ ਦੇ ਕਨਵੀਨਰ ਡਾ. ਨਿਰਮਲ ਜੌੜਾ ਨੇ ਕਿਹਾ ਕਿ ਅਸੀਂ ਪੰਜਾਬੀ ਚੰਗੇ ਮਹਿਮਾਨ ਨਿਵਾਜ਼ ਹਾਂ ਅਤੇ ਡੈਲੀਗੇਟਾਂ ਦਾ ਬਿਹਤਰੀਨ ਪ੍ਰਬੰਧ ਕੀਤਾ ਜਾਵੇਗਾ। ਕਾਨਫਰੰਸ ਦੇ ਪ੍ਰਬੰਧਕੀ ਸਕੱਤਰ ਅਤੇ ਚੇਅਰਪਰਸਨ ਡਾ. ਜਗਦੀਸ਼ ਕੌਰ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਸਿੱਖਿਆ ਅਤੇ ਅਕਾਦਮਿਕ ਖੇਤਰ ਨਾਲ ਜੁੜੇ ਭਾਰਤ ਦੇ ਲਗਭਗ 22 ਰਾਜਾਂ ਤੋਂ ਵਿਦਵਾਨ ਡੈਲੀਗੇਟ ਵਿਸ਼ੇ ’ਤੇ ਚਰਚਾ ਕਰਨਗੇ। ਇਸ ਵਿਚ ਮੁਖ ਭਾਸ਼ਣਾਂ ਤੋਂ ਬਿਨਾ ਲਗਭਗ 70 ਖੋਜ-ਪੱਤਰ ਪੜ੍ਹੇ ਜਾਣਗੇ।