ਤੀਹ ਕਿੱਲੋ ਭੁੱਕੀ ਤੇ ਡਰੱਗ ਮਨੀ ਸਣੇ ਤਿੰਨ ਗ੍ਰਿਫ਼ਤਾਰ
ਸਨਅਤੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਭੁੱਕੀ ਤੇ ਹੋਰ ਨਸ਼ੇ ਦੀ ਸਪਲਾਈ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਅੱਜ ਕ੍ਰਾਈਮ ਬ੍ਰਾਂਚ ਲੁਧਿਆਣਾ ਪੁਲੀਸ ਦੀ ਟੀਮ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 30 ਕਿੱਲੋਂ ਭੁੱਕੀ ਤੇ ਇੱਕ ਲੱਖ 10 ਹਜ਼ਾਰ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਨੂੰ ਤਾਜ਼ਪੁਰ ਰੋਡ ਨੇੜਿਓਂ ਕਾਬੂ ਕੀਤਾ ਗਿਆ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਕ੍ਰਾਈਮ ਬ੍ਰਾਂਚ ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਕਿ ਤਾਜਪੁਰ ਰੋਡ ਦੇ ਸੰਜੇ ਗਾਂਧੀ ਕਲੋਨੀ ਨੇੜੇ ਪੁਲੀਸ ਨੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਸੀ। ਜਿਥੇ ਪੁਲੀਸ ਨੂੰ ਜਾਣਕਾਰੀ ਮਿਲੀ ਕਿ ਮੁਲਜ਼ਮ ਨਸ਼ੇ ਦੀ ਸਪਲਾਈ ਕਰਦੇ ਹਨ ਤੇ ਉਥੋਂ ਲੰਘਣ ਦੀ ਤਿਆਰੀ ਵਿੱਚ ਹਨ। ਮੁਲਜ਼ਮ ਮੱਧਪ੍ਰਦੇਸ਼ ਤੋਂ ਭੁੱਕੀ ਲਿਆ ਕੇ ਸਪਲਾਈ ਕਰਦੇ ਹਨ। ਫਿਰ ਪੁਲੀਸ ਨੇ ਨਾਕਾਬੰਦੀ ਕੀਤੀ ਤਾਂ ਪੁਲੀਸ ਨੇ ਲੁਧਿਆਣਾ ਨੰਬਰ ਦੇ ਇੱਕ ਟਰੱਕ ਨੂੰ ਰੋਕਿਆ, ਜਿਸ ਵਿੱਚ ਮੱਧਪ੍ਰਦੇਸ਼ ਦੇ ਰਹਿਣ ਵਾਲੇ ਮੁਲਜ਼ਮ ਦੀਪਕ ਕੁਮਾਰ ਉਰਫ਼ ਦੀਪੂ ਤੇ ਗੁਰਦੀਪ ਸਿੰਘ ਮੋਨੂੰ ਨੂੰ ਕਾਬੂ ਕੀਤਾ। ਪੁਲੀਸ ਮੁਤਾਬਕ ਗੁਰਦੀਪ ਸਿੰਘ ਦੇ ਨਾਂ ’ਤੇ ਹੀ ਟਰੱਕ ਹੈ, ਜਿਸ ਵਿੱਚ ਉਹ ਮੱਧ ਪ੍ਰਦੇਸ਼ ਤੋਂ ਭੁੱਕੀ ਲਿਆ ਕੇ ਸਪਲਾਈ ਕਰਦੇ ਸਨ। ਉਨ੍ਹਾਂ ਨੇ ਆਪਣੇ ਕੈਬਿਨ ਵਿੱਚ 30 ਕਿੱਲੋਂ ਭੁੱਕੀ ਰੱਖੀ ਹੋਈ ਸੀ। ਜਦੋਂ ਪੁਲੀਸ ਨੇ ਤਲਾਸ਼ੀ ਲਈ ਤੇ ਭੁੱਕੀ ਬਰਾਮਦ ਹੋਈ। ਉਨ੍ਹਾਂ ਨੇ ਮੁੱਢਲੀ ਪੁੱਛ-ਗਿੱਛ ਵਿੱਚ ਦੱਸਿਆ ਕਿ ਉਹ ਦੁਗਰੀ ਦੇ ਰਹਿਣ ਵਾਲੇ ਸੁਨੀਲ ਕੁਮਾਰ ਨੂੰ ਇਹ ਭੁੱਕੀ ਦੀ ਸਪਲਾਈ ਦੇਣ ਜਾ ਰਹੇ ਸਨ।
ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਪੁਲੀਸ ਨੇ ਇਸ ਨਸ਼ਾ ਦੇ ਧੰਦੇ ਨੂੰ ਖਤਮ ਕੀਤਾ ਹੈ। ਜਿਸ ਵਿੱਚ ਟਰਾਂਸਪੋਰਟਰ ਗੁਰਦੀਪ ਸਿੰਘ, ਟਰੱਕ ਡਰਾਈਵਰ ਦੀਪਕ ਤੇ ਨਸ਼ਾ ਲੈਣ ਵਾਲਾ ਸੁਨੀਲ ਕੁਮਾਰ ਸ਼ਾਮਲ ਹੈ। ਤਿੰਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕੋਲੋਂ 30 ਕਿੱਲੋੋ ਭੁੱਕੀ ਤੇ ਇੱਕ ਲੱਖ 10 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਵੀਰਵਾਰ ਨੂੰ ਪੁਲੀਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਨੂੰ ਰਿਮਾਂਡ ’ਤੇ ਲਵੇਗੀ ਤਾਂ ਕਿ ਪੁੱਛ ਗਿੱਛ ਕਰਕੇ ਪਤਾ ਕੀਤਾ ਜਾ ਸਕੇ ਕਿ ਮੁਲਜ਼ਮ ਸ਼ਹਿਰ ਵਿੱਚ ਹੋਰ ਕਿਸ ਕਿਸ ਨੂੰ ਨਸ਼ੇ ਦੀ ਸਪਲਾਈ ਕਰਦੇ ਸਨ ਤੇ ਮੁਲਜ਼ਮ ਕਿਨ੍ਹੇਂ ਸਮੇਂ ਤੋਂ ਇਸ ਧੰਦੇ ਵਿੱਚ ਲੱਗੇ ਹੋਏ ਹਨ।