ਪੰਦਰਾਂ ਲੱਖ ਲੁੱਟਣ ਦੇ ਮਾਮਲੇ ’ਚ ਤਿੰਨ ਕਾਬੂ
ਮਾਮੇ ਨੇ ਆਪਣੇ ਸਾਲੇ ਨਾਲ ਮਿਲ ਭਾਣਜੇ ਦੀ ਕੀਤੀ ਲੁੱਟਮਾਰ
Advertisement
ਲੁਧਿਆਣਾ ਪੁਲੀਸ ਨੇ ਕਿਚਲੂ ਨਗਰ ਇਲਾਕੇ ਵਿੱਚ ਮਨੀ ਟਰਾਂਸਫਰ ਦਾ ਕਾਰੋਬਾਰ ਕਰਨ ਵਾਲੇ ਚੈਰਿਸ ਗਰਗ ਤੇ ਉਸ ਦੇ ਚਾਚੇ ਤੋਂ ਲੱਖਾਂ ਰੁਪਏ ਲੁੱਟਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਲੁੱਟ ਚੈਰਿਸ ਦੇ ਮਾਮੇ ਨੇ ਆਪਣੇ ਸਾਲੇ ਅਤੇ ਦੋਸਤਾਂ ਨਾਲ ਮਿਲ ਕੇ ਕੀਤੀ ਸੀ। ਪੁਲੀਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ 15.78 ਲੱਖ ਭਾਰਤੀ ਕਰਾਂਸੀ ਅਤੇ 695 ਅਮਰੀਕੀ ਡਾਲਰ ਸਣੇ ਵਾਰਦਾਤ ਸਮੇਂ ਵਰਤੀ ਕਾਰ ਵੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਜਮਾਲਪੁਰ ਇਲਾਕੇ ਦੇ ਰਹਿਣ ਵਾਲੇ ਸੰਜੀਵ ਗੋਇਲ, ਅੰਮ੍ਰਿਤਸਰ ਵਿੱਚ ਰਹਿਣ ਵਾਲੇ ਉਸ ਦੇ ਸਾਲੇ ਵਰੁਣ ਮਿੱਤਲ ਅਤੇ ਬਸਤੀ ਜੋਧੇਵਾਲ ਇਲਾਕੇ ਵਿੱਚ ਰਹਿਣ ਵਾਲੇ ਗਗਨਦੀਪ ਸ਼ਰਮਾ ਉਰਫ਼ ਗਗਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੰਮ੍ਰਿਤਸਰ ਵਿੱਚ ਰਹਿਣ ਵਾਲੇ ਦੀਪਕ ਅਤੇ ਨਵਦੀਪ ਰੋਮੀ ਅਤੇ ਜੱਗਾ ਹਾਲੇ ਫ਼ਰਾਰ ਹਨ। ਪੁਲੀਸ ਨੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਦੋ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਡੀਸੀਪੀ ਸਿਟੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਚੈਰਿਸ ਗਰਗ ਆਪਣੇ ਚਾਚੇ ਨਾਲ ਮਨੀ ਟਰਾਂਸਫਰ ਦਾ ਕਾਰੋਬਾਰ ਚਲਾਉਂਦਾ ਹੈ। ਉਸ ਦਾ ਦਫ਼ਤਰ ਕਿਚਲੂ ਨਗਰ ਇਲਾਕੇ ਵਿੱਚ ਹੈ। ਉਹ ਹਰ ਰੋਜ਼ ਲੱਖਾਂ ਰੁਪਏ ਦਾ ਭੁਗਤਾਨ ਆਪਣੇ ਘਰ ਲੈ ਜਾਂਦਾ ਸੀ ਅਤੇ ਅਗਲੀ ਸਵੇਰ ਵਾਪਸ ਦੁਕਾਨ ’ਤੇ ਲੈ ਕੇ ਲਿਆਉਂਦਾ ਸੀ। ਮੁਲਜ਼ਮ ਸੰਜੀਵ ਗੋਇਲ ਨੂੰ ਇਸ ਦੀ ਜਾਣਕਾਰੀ ਸੀ। ਉਸ ਨੇ ਆਪਣੇ ਸਾਲੇ ਨਾਲ ਮਿਲ ਕੇ ਆਪਣੇ ਭਾਣਜੇ ਨੂੰ ਲੁੱਟਣ ਦੀ ਯੋਜਨਾ ਬਣਾਈ ਤੇ 16 ਅਗਸਤ ਦੀ ਰਾਤ ਨੂੰ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
Advertisement
Advertisement