‘ਆਪ’ ਆਗੂ ਦੇ ਦੀ ਕਾਰ ਸਾੜਨ ਤੇ ਗੋਲੀ ਚਲਾਉਣ ਵਾਲੇ ਤਿੰਨ ਕਾਬੂ
ਲੁਧਿਆਣਾ ਪੁਲੀਸ ਨੇ ਡੇਹਲੋਂ ਦੇ ਲਹਿਰਾ ਪਿੰਡ ਵਿੱਚ ‘ਆਪ’ ਆਗੂ ਅਤੇ ਸਰਪੰਚ ਸੁਖਵਿੰਦਰ ਸਿੰਘ ਛਿੰਦਾ ਦੇ ਘਰ ’ਚ ਦਾਖਲ ਹੋ ਕੇ ਕਾਰ ਨੂੰ ਅੱਗ ਲਗਾਉਣ ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਪੁਲੀਸ ਨੇ ਦੇਸੀ .32 ਬੋਰ ਪਿਸਤੌਲ, 6 ਕਾਰਤੂਸ ਤੇ .12 ਬੋਰ ਦੀਆਂ 2 ਰਾਈਫਲਾਂ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਦੀ ਪਛਾਣ ਲਹਿਰਾ ਵਾਸੀ ਕੁਲਦੀਪ ਸਿੰਘ ਮਾਣਕ, ਬਰਨਾਲਾ ਦੇ ਪਿੰਡ ਮੂਮ ਵਾਸੀ ਸੁਖਚੈਨ ਸਿੰਘ ਉਰਫ਼ ਚੈਨਾ ਤੇ ਜਗਰਾਉਂ ਦੇ ਹਠੂਰ ਦੇ ਪਿੰਡ ਚੱਕਰ ਦੇ ਰਹਿਣ ਵਾਲੇ ਗੁਰਮਨਜੋਤ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।
ਡੀਸੀਪੀ ਕ੍ਰਾਈਮ ਹਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਕੁਲਦੀਪ ਸਿੰਘ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਸੀ ਤੇ ਸਰਪੰਚ ਸੁਖਵਿੰਦਰ ਸਿੰਘ ਨੇ ਉਸ ਨੂੰ ਅਜਿਹਾ ਕਰਨ ਤੋਂ ਵਰਜਿਆ ਸੀ, ਜਿਸ ਮਗਰੋਂ ਦੋਵਾਂ ਵਿਚਾਲੇ ਦੁਸ਼ਮਣੀ ਪੈ ਗਈ। ਇਸ ਮਗਰੋਂ ਕੁਲਦੀਪ ਆਪਣੇ ਦੋ ਸਾਥੀਆਂ ਨਾਲ ਬੀਤੀ 20 ਸਤੰਬਰ ਨੂੰ ਕੰਧ ਟੱਪ ਕੇ ਸੁਖਵਿੰਦਰ ਸਿੰਘ ਦੇ ਘਰ ਵਿੱਚ ਦਾਖਲ ਹੋਇਆ ਤੇ ਉਸ ਦੀ ਕਾਰ ਨੂੰ ਅੱਗ ਲਾ ਦਿੱਤੀ। ਸੁਖਵਿੰਦਰ ਸਿੰਘ ਨੇ ਰੋਲਾ ਪਾਇਆ ਤਾਂ ਮੁਲਜ਼ਮਾਂ ਨੇ ਗੋਲੀ ਚਲਾ ਦਿੱਤੀ। ਸੁਖਵਿੰਦਰ ਆਪਣੀ ਜਾਨ ਬਚਾਉਣ ਲਈ ਘਰ ਦੇ ਅੰਦਰ ਚਲਾ ਗਿਆ ਤੇ ਮੁਲਜ਼ਮ ਫਰਾਰ ਹੋ ਗਏ। ਪੁਲੀਸ ਅਨੁਸਾਰ ਮੁਲਜ਼ਮ ਕੁਲਦੀਪ ਸਿੰਘ ਮਾਣਕ ’ਤੇ ਕਤਲ ਦੀ ਕੋਸ਼ਿਸ਼, ਹਥਿਆਰਾਂ ਦੀ ਤਸਕਰੀ ਤੇ ਚੋਰੀ ਸਮੇਤ ਹੋਰ ਅਪਰਾਧਾਂ ਦੇ ਲਗਪਗ ਅੱਠ ਕੇਸ ਦਰਜ ਹਨ। ਸੁਖਚੈਨ ਸਿੰਘ ’ਤੇ ਅਸਲਾ ਐਕਟ ਤਹਿਤ ਦੋ ਕੇਸ ਦਰਜ ਹਨ ਤੇ ਉਹ ਜ਼ਮਾਨਤ ’ਤੇ ਬਾਹਰ ਹੈ। ਗੁਰਮਨਜੋਤ ’ਤੇ ਵੀ ਪਹਿਲਾਂ ਕੇਸ ਦਰਜ ਹਨ।