ਤਿੰਨ ਮੁਲਜ਼ਮ ਲੱਖਾਂ ਰੁਪਏ ਦੇ ਮੁੱਲ ਦੀ ਹੈਰੋਇਨ ਸਣੇ ਗ੍ਰਿਫ਼ਤਾਰ
ਇਥੋਂ ਦੀ ਪੁਲੀਸ ਨੇ ਲੱਖਾਂ ਰੁਪਏ ਦੇ ਮੁੱਲ ਦੀ ਹੈਰੋਇਨ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਦੋ ਜਣਿਆਂ ਤੋਂ ਚੋਰੀ ਦੇ ਪੰਜ ਐਕਟਿਵਾ ਸਕੂਟਰ ਵੀ ਬਰਾਮਦ ਕੀਤੇ ਗਏ ਹਨ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਡਿਪਟੀ ਪੁਲੀਸ ਕਮਿਸ਼ਨਰ ਸਿਟੀ/ਦਿਹਾਤੀ ਰੁਪਿੰਦਰ ਸਿੰਘ ਦੇ ਨਿਰਦੇਸ਼ਾਂ ਅਧੀਨ ਥਾਣਾ ਡਿਵੀਜ਼ਨ ਨੰਬਰ 7 ਦੇ ਇੰਸਪੈਕਟਰ ਮੋਹਨ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਕ੍ਰਿਕਟ ਅਕੈਡਮੀ ਸਾਹਮਣੇ ਸੈਕਟਰ 32-ਏ ਤੋਂ ਬੰਟੀ ਉਰਫ਼ ਕਾਲੂ ਵਾਸੀ ਅੰਬੇਦਕਰ ਕਲੋਨੀ (ਘੋੜਾ ਕਲੋਨੀ) ਨੂੰ ਚੈਕਿੰਗ ਦੌਰਾਨ ਬਿਨਾਂ ਨੰਬਰੀ ਐਕਟਿਵਾ ਸਕੂਟਰ ਤੇ ਆਉਂਦਿਆਂ ਕਾਬੂ ਕਰਕੇ ਉਹ ਕੋਲੋਂ 265 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਵੱਲੋਂ ਉਸ ਦਾ ਐਕਟਿਵਾ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਸਲੇਮ ਟਾਬਰੀ ਦੀ ਪੁਲੀਸ ਪਾਰਟੀ ਵੱਲੋਂ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 10 ਗ੍ਰਾਮ ਹੈਰੋਇਨ ਅਤੇ 5 ਚੋਰੀਸ਼ੁਦਾ ਐਕਟਿਵਾ ਸਕੂਟਰ ਬਰਾਮਦ ਕੀਤੇ ਗਏ ਹਨ।ਜਾਣਕਾਰੀ ਦਿੰਦਿਆਂ ਸਮੀਰ ਵਰਮਾ ਏਡੀਸੀਪੀ-1 ਅਤੇ ਕਿੱਕਰ ਸਿੰਘ ਏਸੀਪੀ ਉੱਤਰੀ ਨੇ ਦੱਸਿਆ ਕਿ ਇੰਸਪੈਕਟਰ ਹਰਸ਼ਵੀਰ ਸਿੰਘ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਅਸ਼ੋਕ ਨਗਰ ਪਾਣੀ ਵਾਲੀ ਟੈਂਕੀ ਜੱਸੀਆਂ ਰੋਡ ਤੋਂ ਚੈਕਿੰਗ ਦੌਰਾਨ ਦੋ ਭਰਾਵਾਂ ਸੰਦੀਪ ਸਿੰਘ ਅਤੇ ਰਵੀ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਲਈ ਤਲਾਸ਼ੀ ਦੌਰਾਨ ਦੋਹਾਂ ਪਾਸੋਂ 5-5 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਹ ਨਸ਼ੇ ਦੀ ਆਦਤ ਕਾਰਨ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੋਂ ਐਕਟਿਵਾ ਸਕੂਟਰ ਵੀ ਚੋਰੀ ਕਰਦੇ ਸਨ। ਪੁਲੀਸ ਵੱਲੋਂ ਉਨ੍ਹਾਂ ਤੋਂ 5 ਚੋਰੀਸ਼ੁਦਾ ਐਕਟਿਵਾ ਸਕੂਟਰ ਬਰਾਮਦ ਕੀਤੇ ਗਏ ਹਨ, ਜਦਕਿ ਹੋਰ ਵਾਰਦਾਤਾਂ ਸਬੰਧੀ ਪੁੱਛਗਿੱਛ ਜਾਰੀ ਹੈ।