ਸਰਪੰਚਣੀ ਨੂੰ ਧਮਕੀਆਂ ਦਾ ਮਾਮਲਾ: ਬੰਬ ਕਾਂਡ ਦਾ ਮੁਲਜ਼ਮ ਸੁਧਾਰ ਪੁਲੀਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ
ਸ਼ਿੰਗਾਰ ਬੰਬ ਧਮਾਕੇ ਵਿੱਚ ਨਾਮਜ਼ਦ ਭਵਦੀਪ ਸਿੰਘ ਨੂੰ ਸੁਧਾਰ ਪੁਲੀਸ ਪ੍ਰੋਡਕਸ਼ਨ ਵਾਰੰਟ ’ਤੇ ਜੇਲ੍ਹ ਤੋਂ ਲਿਆਂਦਾ ਹੈ। ਪਿਛਲੇ ਸਾਲ ਪਿੰਡ ਟੂਸੇ ਦੀ ਸਰਪੰਚੀ ਦੀ ਉਮੀਦਵਾਰ ਸੁਖਦੀਪ ਕੌਰ ਨੂੰ ਪੰਚਾਇਤ ਚੋਣਾਂ ਮੌਕੇ ਪਿਛਾਂਹ ਹਟਣ ਲਈ ਮਜਬੂਰ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁਮਾਣ ਦੇ ਰਹਿਣ ਵਾਲੇ ਭਵਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲੈ ਲਿਆਂਦਾ ਗਿਆ। 9 ਅਕਤੂਬਰ 2024 ਨੂੰ ਸੁਧਾਰ ਪੁਲੀਸ ਨੇ ਬੰਬੀਹਾ ਗੈਂਗ ਦੇ ਨਾਂ ’ਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਸੁਖਦੀਪ ਕੌਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਸੀ। ਤਤਕਾਲੀ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਸੁਖਦੀਪ ਕੌਰ ਵਿਰੁੱਧ ਸਰਪੰਚੀ ਦੀ ਚੋਣ ਲੜ ਰਹੀ ਅਮਨਦੀਪ ਕੌਰ ਦੇ ਪਤੀ ਹਰਪ੍ਰੀਤ ਸਿੰਘ ਉਰਫ਼ ਹਰਪ੍ਰੀਤੇ ਸਣੇ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕੀਤੀ ਸੀ। ਸੁਧਾਰ ਪੁਲੀਸ ਨੇ ਹੁਣ ਭਵਦੀਪ ਸਿੰਘ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਹੈ। ਹਰਪ੍ਰੀਤ ਸਿੰਘ ਉਰਫ਼ ਹਰਪ੍ਰੀਤਾ ਵਿਰੁੱਧ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਸੁਧਾਰ ਪੁਲੀਸ ਅਤੇ ਪੀੜਤ ਸੁਖਦੀਪ ਕੌਰ ਹੁਣ ਤੱਕ ਹਰਪ੍ਰੀਤ ਸਿੰਘ ਉਪਰ ਹੀ ਸ਼ੱਕ ਕਰਦੀ ਸੀ। ਹਰਪ੍ਰੀਤ ਹੁਣ ਜ਼ਮਾਨਤ ’ਤੇ ਬਾਹਰ ਹੈ, ਹਾਲਾਂਕਿ ਸੁਖਦੀਪ ਕੌਰ ਭਾਰੀ ਬਹੁਮਤ ਨਾਲ ਚੋਣ ਜਿੱਤੀ ਅਤੇ ਸਰਪੰਚ ਵੀ ਬਣ ਗਈ ਸੀ। ਸੁਖਦੀਪ ਕੌਰ ਦਾ ਪਤੀ ਹਰਦੀਪ ਸਿੰਘ ਵੀ ਕਿਸਾਨ ਆਗੂ ਹੈ। ਹੁਣ ਸਾਲ ਬੀਤ ਜਾਣ ਬਾਅਦ ਸੁਧਾਰ ਪੁਲੀਸ ਨੇ ਭਵਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਭਵਦੀਪ ਨਸ਼ਾ ਤਸਕਰੀ ਮਾਮਲੇ ਵਿੱਚ 10 ਸਾਲ ਦੀ ਸਜ਼ਾ ਭੁਗਤ ਰਿਹਾ ਹੈ।
 
 
             
            