ਪਰਵਾਸੀ ਮਜ਼ਦੂਰਾਂ ਨੂੰ ਧਮਕੀਆਂ ਦੇਣਾ ਗ਼ੈਰ ਜਮਹੂਰੀ ਕਰਾਰ
ਲੁਧਿਆਣਾ ਦੀਆਂ ਜਮਹੂਰੀਅਤ ਅਤੇ ਇਨਸਾਫ ਪਸੰਦ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਵਿਚਾਰ ਮੰਚ,ਜਮਹੂਰੀ ਅਧਿਕਾਰ ਸਭਾ ਪੰਜਾਬ, ਤਰਕਸ਼ੀਲ ਸੁਯਾਇਟੀ ਪੰਜਾਬ, ਇਨਕਲਾਬੀ ਮਜ਼ਦੂਰ ਕੇਂਦਰ, ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਤੇ ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਨੇ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਇਕ ਪਰਵਾਸੀ ਵਲੋਂ ਪੰਜ ਸਾਲ ਦੇ ਬੱਚੇ ਨਾਲ ਵਹਿਸ਼ੀਆਨਾ ਕੁਕਰਮ ਕਰਕੇ ਕਤਲ ਦੀ ਘੋਰ ਨਿੰਦਾ ਕਰਦਿਆਂ ਉਸ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਪਰਵਾਸੀ ਗ਼ੈਰ ਪੰਜਾਬੀਆਂ ਨੂੰ ਪੰਜਾਬ ਛੱਡ ਕੇ ਜਾਣ ਦੀਆਂ ਧਮਕੀਆਂ, ਪੰਚਾਇਤੀ ਮੱਤਿਆਂ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਜਥੇਬੰਦੀਆਂ ਦੇ ਆਗੂਆਂ ਪ੍ਰੋ. ਏ.ਕੇ. ਮਲੇਰੀ, ਜਸਵੰਤ ਜ਼ੀਰਖ, ਬਲਵਿੰਦਰ ਸਿੰਘ, ਕਾ. ਸੁਰਿੰਦਰ ਸਿੰਘ, ਐਡਵੋਕੇਟ ਹਰਪ੍ਰੀਤ ਜ਼ੀਰਖ ਅਤੇ ਹਰਜਿੰਦਰ ਸਿਂਘ ਨੇ ਜਮਹੂਰੀਅਤ ਪਸੰਦ ਲੋਕਾਂ ਨੂੰ ਇਸ ਵਰਤਾਰੇ ਖ਼ਿਲਾਫ਼ ਇਕ ਮੁੱਠ ਹੋ ਕੇ ਫਿਰਕੂ ਅਨਸਰਾਂ ਦੀ ਕਿਰਤੀ ਕਾਮਿਆਂ ਦੀ ਭਾਈਚਾਰਕ ਸਾਂਝ ਨੂੰ ਸੰਨ ਲਾਉਣ ਦੇ ਮਨਸੂਬਿਆਂ ਦਾ ਮੁਕਾਬਲਾ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨਾਲਾਇਕੀਆਂ ਕਾਰਨ ਹੜ੍ਹਾਂ ਵਿਚ ਲੋਕਾਂ ਦੇ ਹੋਏ ਜਾਨ-ਮਾਲ ਦੇ ਨੁਕਸਾਨ ਤੋਂ ਧਿਆਨ ਭਟਕਾਉਣ ਅਤੇ ਸਿਹਤ ਵਿਦਿਆ ਅਤੇ ਰੁਜ਼ਗਾਰ ਦੇ ਮਸਲਿਆਂ ‘ਚ ਰਹੀਆਂ ਨਾਕਾਮੀਆਂ ਨੂੰ ਲੁਕਾਉਣ ਅਤੇ ਇਨ੍ਹਾਂ ਮਸਲਿਆਂ ਦਾ ਕਾਰਨ ਪਰਵਾਸੀਆਂ ਮਜਦੂਰਾਂ ਦੇ ਸਿਰ ਮੜ੍ਹਨ ਲਈ ਫਿਰਕਾਪ੍ਰਸਤ ਤਾਕਤਾਂ ਸਮੇਤ ਕੇਂਦਰ ਅਤੇ ਪੰਜਾਬ ਸਰਕਾਰਾਂ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਅਜਿਹਾ ਹੀ ਵਰਤਾਰਾ ਕੌਮਾਂਤਰੀ ਪੱਧਰ ਉੱਤੇ ਸਾਮਰਾਜੀ ਸਰਕਾਰਾਂ ਅਮਰੀਕਾ, ਕੈਨੇਡਾ, ਆਸਟਰੇਲੀਆ , ਇੰਗਲੈਂਡ ਅਤੇ ਯੂਰਪ ਵਿੱਚ ਪਰੋਸ ਰਹੀਆਂ ਹਨ ,ਜਿਥੇ ਲੱਖਾਂ ਦੀ ਤਾਦਾਦ ਵਿੱਚ ਪ੍ਰਵਾਸੀਆਂ ਨੂੰ ਕੱਢਣ ਲਈ ਰੋਸ ਪ੍ਰਦਰਸ਼ਨ ਹੋ ਰਹੇ ਹਨ। ਇਸ ਵਿਚ ਪੰਜਾਬੀ ਭਾਈਚਾਰੇ ਨੂੰ ਭੜਕਾਉਣ ਦਾ ਖ਼ਤਰਾ ਬਰਕਰਾਰ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਰਤਾਰੇ ਖਿਲਾਫ਼ ਜਮਹੂਰੀ ਅਤੇ ਜਨਤਕ ਜਥੇਬੰਦੀਆਂ ਨਾਲ ਮਿਲ ਕੇ ਲੋਕਾਂ ਨੂੰ ਲੋਕ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਦੀ ਪਹਿਚਾਣ ਕਰਦੇ ਹੋਏ ਭਾਈਚਾਰਕ ਸਾਂਝ ਦੀ ਰਾਖੀ ਲਈ ਅੱਗੇ ਆਉਣ ਤਾਂ ਕਿ ਅਮਨ ਸ਼ਾਂਤੀ ਦਾ ਮਾਹੌਲ ਬਰਕਰਾਰ ਰੱਖਿਆ ਜਾਵੇ।